ਸਕਾਟਲੈਂਡ ''ਚ 16 ਦਿਨਾਂ ਲਈ ਪੱਬ-ਰੈਸਟੋਰੈਂਟਾਂ ''ਚ ਲੱਗੀ ਇਹ ਪਾਬੰਦੀ
Thursday, Oct 08, 2020 - 08:41 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੀ ਵੱਧ ਰਹੀ ਲਾਗ 'ਤੇ ਰੋਕ ਲਗਾਉਣ ਲਈ ਨਵੇਂ ਨਿਯਮ ਮੁਤਾਬਕ ਪੱਬਾਂ ਅੰਦਰ ਸ਼ਰਾਬ ਪੀਣ/ਵਰਤਾਉਣ 'ਤੇ ਪਾਬੰਦੀ ਲਗਾਈ ਗਈ ਹੈ। ਪੱਬਾਂ, ਰੈਸਟੋਰੈਂਟਾਂ ਅਤੇ ਇਸ ਖੇਤਰ ਦੇ ਹੋਰ ਸਥਾਨਾਂ ਨੂੰ ਸ਼ਰਾਬ ਨਾ ਦੇਣ ਦੀ ਸ਼ਰਤ 'ਤੇ ਸਿਰਫ 16 ਦਿਨਾਂ ਦੇ ਕਰਫਿਊ ਤਹਿਤ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਦੇ ਅੰਦਰ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
ਇਸ ਨਿਯਮ ਕਰਕੇ ਇਸ ਇੰਡਸਟਰੀ 'ਤੇ ਪੈਣ ਵਾਲੇ ਪ੍ਰਭਾਵ ਕਰਕੇ ਕਾਰੋਬਾਰਾਂ ਨੂੰ ਚਲਦੇ ਰੱਖਣ ਲਈ ਮੰਤਰੀ ਨਿਕੋਲਾ ਸਟਰਜਨ ਨੇ 40 ਮਿਲੀਅਨ ਪੌਂਡ ਦੇ ਵਾਧੂ ਫੰਡ ਦੇਣ ਦਾ ਐਲਾਨ ਵੀ ਕੀਤਾ ਹੈ। ਇਹ ਨਵੇਂ ਨਿਯਮ ਸ਼ੁੱਕਰਵਾਰ ਸ਼ਾਮ 6 ਵਜੇ ਲਾਗੂ ਹੋਣਗੇ ਅਤੇ 25 ਅਕਤੂਬਰ ਨੂੰ ਖਤਮ ਹੋਣਗੇ ਪਰ ਇਹ ਸਥਾਨ 10 ਵਜੇ ਦੇ ਮੌਜੂਦਾ ਕਰਫਿਊ ਤੱਕ ਸਕਾਟਲੈਂਡ, ਵੇਲਜ਼ ਅਤੇ ਇੰਗਲੈਂਡ ਵਿੱਚ ਬਾਹਰ ਹੀ ਸ਼ਰਾਬ ਦੀ ਸੇਵਾ ਕਰ ਸਕਣਗੇ। ਇਸ ਦੇ ਉਲਟ ਇਸ ਉਦਯੋਗ ਦੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹੋਰ ਰੋਕਾਂ ਇਸ ਖੇਤਰ ਦੇ ਕਾਰੋਬਾਰਾਂ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋ ਸਕਦੇ ਹਨ।
ਸਕਾਟਲੈਂਡ ਦੀ ਲਾਇਸੰਸਸ਼ੁਦਾ ਵਪਾਰ ਐਸੋਸੀਏਸ਼ਨ ਦੇ ਪੌਲ ਵਾਟਰਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਾਤ ਦੇ 10 ਵਜੇ ਦੇ ਕਰਫਿਊ ਤੋਂ ਇਲਾਵਾ ਨਿਯਮ ਸਖਤ ਕੀਤੇ ਗਏ ਤਾਂ ਸਕਾਟਲੈਂਡ ਆਪਣੇ ਪੱਬਾਂ ਦਾ ਦੋ-ਤਿਹਾਈ ਹਿੱਸਾ ਅਤੇ ਅੱਧਾ ਸਟਾਫ ਗੁਆ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਵਿਚ ਹੋਰ 1,054 ਵਿਅਕਤੀਆਂ ਨੇ ਸਕਾਟਲੈਂਡ ਵਿਚ ਕੋਰੋਨਾ ਦੇ ਸਕਾਰਾਤਮਕ ਟੈਸਟ ਕੀਤੇ ਹਨ ਜੋ ਇਕ ਦਿਨ ਪਹਿਲਾਂ 800 ਸੀ। ਇਸ ਤੋਂ ਬਿਨਾਂ 319 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਜੋ ਹਸਪਤਾਲ ਵਿਚ ਦਾਖਲ ਹਨ। ਇਸ ਤਰ੍ਹਾਂ ਸਕਾਟਲੈਂਡ ਸਰਕਾਰ ਅਨੁਸਾਰ ਵਾਇਰਸ ਦਾ ਸਰਕਟ ਤੋੜਣ ਲਈ ਇਸ ਤਰ੍ਹਾਂ ਦੇ ਤਾਲਾਬੰਦੀ ਨਿਯਮ ਦੀ ਸ਼ਖਤ ਜਰੂਰਤ ਹੈ।