ਸਕਾਟਿਸ਼ ਪੁਲਸ ਨੂੰ ਬਾਲ ਜਿਣਸੀ ਸ਼ੋਸ਼ਣ ਰੋਕਣ ''ਚ ਮਿਲੀ ਕਾਮਯਾਬੀ, ਕਈ ਗ੍ਰਿਫ਼ਤਾਰ
Thursday, Nov 12, 2020 - 08:43 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਪੁਲਸ ਦੀ ਨਵੀਂ ਟਾਸਕ ਫੋਰਸ ਨੇ ਚਾਰ ਹਫ਼ਤਿਆਂ ਦੀ ਕਾਰਵਾਈ ਵਿਚ ਬੱਚਿਆਂ ਨਾਲ ਆਨਲਾਈਨ ਬਦਸਲੂਕੀ ਦੇ ਅਪਰਾਧਾਂ ਵਿਚ ਤਕਰੀਬਨ 20 ਫ਼ੀਸਦੀ ਪ੍ਰਤੀ ਸਾਲ ਵਾਧੇ ਦੇ ਸੰਬੰਧ ਵਿਚ ਲਗਭਗ 40 ਗ੍ਰਿਫ਼ਤਾਰੀਆਂ ਕੀਤੀਆਂ ਹਨ।
ਨੈਸ਼ਨਲ ਚਾਈਲਡ ਅਬਿਊਜ਼ ਇਨਵੈਸਟੀਗੇਸ਼ਨ ਯੂਨਿਟ ਅਧੀਨ ਟਾਸਕ ਫੋਰਸ ਨੇ 1 ਸਤੰਬਰ ਤੋਂ ਹੁਣ ਤੱਕ 39 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਕਾਟਲੈਂਡ ਪੁਲਸ ਨੇ ਅਪ੍ਰੈਲ ਤੋਂ ਸਤੰਬਰ ਵਿਚਕਾਰ ਆਨਲਾਈਨ ਪਲੇਟਫਾਰਮ 'ਤੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ 1036 ਮਾਮਲੇ ਦਰਜ ਕੀਤੇ ਹਨ ਜੋ ਕਿ ਪਿਛਲੇ ਸਾਲ ਨਾਲੋਂ 18.4% ਅਤੇ ਪੰਜ ਸਾਲ ਦੀ ਔਸਤ ਨਾਲੋਂ 162.1 ਫ਼ੀਸਦੀ ਜ਼ਿਆਦਾ ਹਨ।
ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਾਰੇ ਸਾਰੇ ਦੋਸ਼ੀ 15 ਤੋਂ 76 ਸਾਲ ਦੇ ਮਰਦ ਹਨ। ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਆਨਲਾਈਨ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਦੀ ਬਰਾਮਦਗੀ ਹੋਈ ਹੈ। ਪੁਲਸ ਨੇ ਦੱਸਿਆ ਕਿ ਦਰਜਨਾਂ ਬੱਚਿਆਂ ਦੀ ਪਛਾਣ ਕਾਰਵਾਈ ਦੌਰਾਨ ਜ਼ਿਆਦਾ ਜੋਖ਼ਮ ਵਿਚ ਕੀਤੀ ਗਈ ਸੀ ਜਿਹੜੇ ਕਿ ਹੁਣ ਸਰੱਖਿਅਤ ਹਨ। ਇਸ ਦੇ ਨਾਲ ਹੀ ਸਕਾਟਲੈਂਡ ਪੁਲਸ ਅਗਲੇ ਹਫਤੇ ਤੋਂ ਆਨਲਾਈਨ ਬਾਲ ਜਿਣਸੀ ਸ਼ੋਸ਼ਣ ਰੋਕਣ ਲਈ ਮੁਹਿੰਮ 'ਗੈੱਟ ਹੈਲਪ ਔਰ ਗੈੱਟ ਕੈਚ' ਦਾ ਅਗਲਾ ਪੜਾਅ ਸ਼ੁਰੂ ਕਰੇਗੀ।