ਸਕਾਟਿਸ਼ ਸਰਕਾਰ ਨੇ ਕੀਤੀ ਕੋਰੋਨਾ ਵਾਇਰਸ ਟੀਕਾਕਰਨ ਯੋਜਨਾ ਦੀ ਘੋਸ਼ਣਾ
Thursday, Jan 14, 2021 - 02:06 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਪ੍ਰਕਿਰਿਆ ਜਾਰੀ ਹੈ। ਇਸ ਮੁਹਿੰਮ ਤਹਿਤ ਜ਼ਿਆਦਾ ਤੇਜ਼ੀ ਅਤੇ ਵੱਡੇ ਪੱਧਰ 'ਤੇ ਲੋਕਾਂ ਨੂੰ ਕੋਰੋਨਾ ਟੀਕਾ ਲਗਾ ਕੇ ਸੁਰੱਖਿਆ ਪ੍ਰਦਾਨ ਕਰਨ ਲਈ ਸਕਾਟਿਸ਼ ਸਰਕਾਰ ਨੇ ਬੁੱਧਵਾਰ ਸ਼ਾਮ ਨੂੰ ਕੋਵਿਡ ਟੀਕਾਕਰਨ ਦੀ ਭਵਿੱਖੀ ਯੋਜਨਾ ਦਾ ਖੁਲਾਸਾ ਕੀਤਾ ਹੈ।
ਇਸ ਯੋਜਨਾ ਦੇ ਇਕ ਦਸਤਾਵੇਜ਼ ਅਨੁਸਾਰ ਸਰਕਾਰ ਨੇ ਲਗਭਗ 4.5 ਮਿਲੀਅਨ ਸਕਾਟਿਸ਼ ਲੋਕਾਂ ਨੂੰ ਵਾਇਰਸ ਦਾ ਟੀਕਾ ਲਗਾਉਣ ਦੀ ਯੋਜਨਾ ਤਹਿਤ ਸਮਾਂ ਅਤੇ ਤਰਜੀਹ ਵਾਲੇ ਲੋਕਾਂ ਦੀ ਸੂਚੀ ਨੂੰ ਨਿਰਧਾਰਿਤ ਕੀਤਾ ਹੈ। ਇਸ ਯੋਜਨਾ ਤਹਿਤ ਸਕਾਟਲੈਂਡ ਵਿਚ 1 ਫਰਵਰੀ ਤੋਂ ਹਰ ਹਫ਼ਤੇ ਤਕਰੀਬਨ 4 ਲੱਖ ਲੋਕਾਂ ਨੂੰ ਟੀਕਾ ਲਗਾਉਣ ਲਈ ਬੁਨਿਆਦੀ ਢਾਂਚਾ ਹੋਵੇਗਾ ਅਤੇ ਗਲਾਸਗੋ ਦੀ ਐੱਨ. ਐੱਚ. ਐੱਸ. ਲੂਈਸਾ ਜਾਰਡਨ ਸਿਹਤ ਸਹੂਲਤ ਜੋ ਕਿ ਹਰ ਹਫ਼ਤੇ 20,000 ਤੋਂ ਵੱਧ ਟੀਕੇ ਲਗਾਉਣ ਦੇ ਸਮਰੱਥ ਹੈ, ਨੂੰ ਮੁੱਖ ਕੇਂਦਰ ਵਜੋਂ ਚੁਣਿਆ ਗਿਆ ਹੈ। ਸਕਾਟਿਸ਼ ਸਰਕਾਰ ਵੱਲੋਂ ਤੈਅ ਕੀਤੀ ਗਈ ਟੀਕਾਕਰਨ ਪ੍ਰਣਾਲੀ ਤਹਿਤ ਟੀਕੇ ਦੀ ਪਹਿਲ ਸੰਬੰਧੀ ਤਰਜੀਹ ਸਮੂਹ 1 ਅਤੇ 2 ਵਿਚ ਕੇਅਰ ਹੋਮ ਵਸਨੀਕ , ਕੇਅਰ ਹੋਮ ਸਟਾਫ, ਫਰੰਟਲਾਈਨ ਸਿਹਤ ਕਰਮਚਾਰੀ ਹਨ, ਜਿਨ੍ਹਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਦੇਣ ਦਾ ਟੀਚਾ 5 ਫਰਵਰੀ ਤੱਕ ਪੂਰਾ ਕਰਨਾ ਮਿਥਿਆ ਗਿਆ ਹੈ।
ਇਸ ਦੇ ਬਾਅਦ ਪਹਿਲ ਵਾਲੇ 3, 4 ਅਤੇ 5 ਸਮੂਹਾਂ ਵਿਚ ਉਹ ਸਾਰੇ 65 ਜਾਂ ਵੱਧ ਉਮਰ ਦੇ ਸਿਹਤ ਪੱਖੋਂ ਬਹੁਤ ਕਮਜ਼ੋਰ ਵਿਅਕਤੀ ਸ਼ਾਮਲ ਹਨ, ਨੂੰ ਮਾਰਚ ਦੇ ਸ਼ੁਰੂ ਵਿਚ ਹੀ ਟੀਕਾ ਲੱਗ ਜਾਵੇਗਾ ਜਦਕਿ ਬਾਕੀ ਰਹਿੰਦੇ 6,7,8,9 ਤੱਕ ਦੇ ਗਰੁੱਪਾਂ, ਜਿਨ੍ਹਾਂ ਵਿਚ 50 ਸਾਲ ਤੋਂ ਵੱਧ ਉਮਰ ਵਾਲੇ ਲੋਕ ਅਤੇ 16 ਤੋਂ 64 ਸਾਲ ਦੀ ਉਮਰ ਦੇ ਸਾਰੇ ਵਿਅਕਤੀ ਵੀ ਸ਼ਾਮਲ ਹਨ, ਜੋ ਕਿ ਗੰਭੀਰ ਬੀਮਾਰੀ ਤੋਂ ਪ੍ਰਭਾਵਿਤ ਹਨ। ਇਨ੍ਹਾਂ ਲੋਕਾਂ ਦੀ ਪਹਿਲੀ ਖੁਰਾਕ ਨੂੰ ਮਾਰਚ ਵਿਚ ਸ਼ੁਰੂ ਕਰਕੇ ਮਈ ਤੱਕ ਪੂਰਾ ਕਰਨ ਦਾ ਟੀਚਾ ਹੈ।
ਇਸ ਦੇ ਇਲਾਵਾ 18 ਸਾਲ ਤੋਂ ਵੱਧ ਅਤੇ 16 'ਤੇ 17 ਸਾਲ ਦੀ ਉਮਰ ਦੇ ਹਰੇਕ ਸਿਹਤ ਅਤੇ ਸਮਾਜਿਕ ਦੇਖਭਾਲ ਕਰਨ ਵਾਲੇ ਨੌਜਵਾਨ ਕਰਮਚਾਰੀ ਨੂੰ ਵੀ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਸਕਾਟਲੈਂਡ ਵਿੱਚ ਇਹ ਟੀਕਾਕਰਨ ਪ੍ਰਕਿਰਿਆ ਦੇਖਭਾਲ ਘਰਾਂ ਦੇ ਨਾਲ ਜੀ. ਪੀ. ਕੇਂਦਰ, ਸਥਾਨਕ ਟੀਕਾਕਰਨ ਕਲੀਨਿਕ, ਕਮਿਊਨਿਟੀ ਫਾਰਮੇਸੀਆਂ, ਮੋਬਾਇਲ ਟੀਕਾਕਰਨ ਇਕਾਈਆਂ ਅਤੇ ਟੀਕਾਕਰਨ ਕੇਂਦਰਾਂ ਰਾਹੀਂ ਲਾਗੂ ਕੀਤੀ ਜਾਵੇਗੀ।