ਸਕਾਟਲੈਂਡ ਦੇ ਘੱਟ ਆਮਦਨੀ ਵਾਲੇ ਪਰਿਵਾਰ ਪ੍ਰਾਪਤ ਕਰਨਗੇ 100 ਪੌਂਡ ਦੀ ਸਹਾਇਤਾ ਰਾਸ਼ੀ

Tuesday, Dec 01, 2020 - 05:27 PM (IST)

ਸਕਾਟਲੈਂਡ ਦੇ ਘੱਟ ਆਮਦਨੀ ਵਾਲੇ ਪਰਿਵਾਰ ਪ੍ਰਾਪਤ ਕਰਨਗੇ 100 ਪੌਂਡ ਦੀ ਸਹਾਇਤਾ ਰਾਸ਼ੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਿਸ਼ ਸਰਕਾਰ ਵੱਲੋਂ ਮਹਾਮਾਰੀ ਦੇ ਸਮੇਂ ਦੌਰਾਨ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਆਰਥਿਕ ਮੱਦਦ ਲਈ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਪਹਿਲ ਕੀਤੀ ਗਈ ਹੈ। ਇਸੇ ਸਹਾਇਤਾ ਦੀ ਲੜੀ ਵਿੱਚ ਇੱਕ ਹੋਰ ਆਰਥਿਕ ਮਦਦ ਦੀ ਯੋਜਨਾ ਜੁੜਨ ਜਾ ਰਹੀ ਹੈ, ਜਿਸ ਦੀ ਘੋਸ਼ਣਾ ਫਸਟ ਮਿਨਿਸਟਰ ਨਿਕੋਲਾ ਸਟਰਜਨ ਦੁਆਰਾ ਕੀਤੀ ਜਾਵੇਗੀ। ਇਸ ਨਵੀਂ ਸਕੀਮ ਦੇ ਤਹਿਤ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਕ੍ਰਿਸਮਸ ਤੋਂ ਪਹਿਲਾਂ 100 ਪੌਂਡ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। 

ਇਹ ਗ੍ਰਾਂਟ ਪਰਿਵਾਰਾਂ ਨੂੰ ਮੁਫਤ ਸਕੂਲੀ ਭੋਜਨ ਦੀ ਪ੍ਰਾਪਤੀ ਦੇ ਸੰਦਰਭ ਵਿੱਚ ਦਿੱਤੀ ਜਾਏਗੀ। ਇਹ ਸਰਦੀਆਂ ਵਿਚ ਘੱਟ ਆਮਦਨੀ ਵਾਲੇ ਸਕਾਟਿਸ ਲੋਕਾਂ ਦੀ ਮਦਦ ਲਈ ਸਥਾਪਤ ਕੀਤੇ ਗਏ 100 ਮਿਲੀਅਨ ਪੌਂਡ ਫੰਡ ਦਾ ਹਿੱਸਾ ਹੈ ਜਿਸ ਦੀ ਪੁਸ਼ਟੀ ਐਸ ਐਨ ਪੀ ਕਾਨਫਰੰਸ ਵਿੱਚ ਕੀਤੀ ਜਾਵੇਗੀ। ਇਸ ਫੰਡ ਦੀ ਵਰਤੋਂ ਬਜ਼ੁਰਗ ਅਤੇ ਬੇਘਰੇ ਲੋਕਾਂ ਦੀ ਸਹਾਇਤਾ ਲਈ ਵੀ ਕੀਤੀ ਜਾਵੇਗੀ। ਇਸ ਯੋਜਨਾ ਦੀ ਕਾਰਵਾਈ ਕੋਵਿਡ-19 ਸੰਕਟ ਦੇ ਸਿੱਟੇ ਵਜੋਂ ਹੋਈ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾਣ ਕਾਰਨ ਆਮਦਨ ਵਿੱਚ ਕਮੀ ਆਈ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਿਸਾਨਾਂ ਦੇ ਸਮਰਥਨ 'ਚ ਖੁੱਲ੍ਹ ਕੇ ਸਾਹਮਣੇ ਆਏ ਬ੍ਰਿਟੇਨ ਅਤੇ ਕੈਨੇਡਾ ਦੇ ਸਾਂਸਦ

ਇਸ ਤੋਂ ਇਲਾਵਾ ਆਪਣੇ ਭਾਸ਼ਣ ਵਿੱਚ ਸਟਰਜਨ ਫਰਵਰੀ ਮਹੀਨੇ ਵਿੱਚ ਸ਼ੁਰੂ ਹੋਣ ਵਾਲੀ ਨਵੀਂ ਸਕਾਟਿਸ਼ ਚਾਈਲਡ ਪੇਮੈਂਟ ਸਕੀਮ ਬਾਰੇ ਵੀ ਜਾਣਕਾਰੀ ਦੇਵੇਗੀ, ਜਿਸ ਵਿੱਚ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਹਰ ਬੱਚੇ ਲਈ ਇੱਕ ਹਫ਼ਤੇ ਵਿੱਚ 10 ਪੌਂਡ ਦਿੱਤੇ ਜਾਣ ਦੀ ਸੰਭਾਵਨਾ ਹੋਵੇਗੀ। ਇਸ ਯੋਜਨਾ ਤਹਿਤ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਇਹ ਰਾਸ਼ੀ ਅਦਾ ਕੀਤੀ ਜਾਵੇਗੀ ਜਿਸ ਨਾਲ ਕਿ ਅਗਲੇ ਵਿੱਤੀ ਸਾਲ ਵਿੱਚ 194,000 ਬੱਚਿਆਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ।


author

Vandana

Content Editor

Related News