ਚੀਨ ਦੇ ਵਿਵਾਦਿਤ ਟਵੀਟ ਨੂੰ ਲੈ ਕੇ ਆਸਟ੍ਰੇਲੀਆ ਦੇ ਰੁੱਖ਼ 'ਚ ਨਰਮੀ

Thursday, Dec 03, 2020 - 06:00 PM (IST)

ਚੀਨ ਦੇ ਵਿਵਾਦਿਤ ਟਵੀਟ ਨੂੰ ਲੈ ਕੇ ਆਸਟ੍ਰੇਲੀਆ ਦੇ ਰੁੱਖ਼ 'ਚ ਨਰਮੀ

ਵੈਲਿੰਗਟਨ (ਭਾਸ਼ਾ): ਆਸਟ੍ਰੇਲੀਆ ਅਤੇ ਚੀਨ ਦਰਮਿਆਨ ਇਕ ਗ੍ਰਾਫਿਕ ਟਵੀਟ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਸੁਲਹ ਕਰਨ ਵਾਲੇ ਸ਼ਬਦਾਂ ਦੇ ਬਾਅਦ ਵੀਰਵਾਰ ਨੂੰ ਆਖਿਰਕਾਰ ਇਹ ਡਿਪਲੋਮੈਟਿਕ ਜੰਗ ਸ਼ਾਂਤ ਹੁੰਦੀ ਪ੍ਰਤੀਤ ਹੋਈ। ਮੌਰੀਸਨ ਨੇ ਕਿਹਾ,''ਮੇਰਾ ਅਤੇ ਮੇਰੀ ਸਰਕਾਰ ਦਾ ਰੁੱਖ਼ ਰਚਨਾਤਮਕ ਗੱਲਬਾਤ ਕਰਨਾ ਹੈ।'' ਮੌਰੀਸਨ ਨੇ ਅੱਗੇ ਕਿਹਾ,''ਚੀਨ ਦੇ ਨਾਲ ਸੰਬੰਧ ਦੋਹਾਂ ਦੇਸ਼ਾਂ ਦੇ ਲਈ ਲਾਭਕਾਰੀ ਹਨ।'' ਗੌਰਤਲਬ ਹੈ ਕਿ ਚੀਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਨੇ ਟਵੀਟ ਅਤੇ ਵੀਚੈਟ 'ਤੇ ਸੰਦੇਸ਼ ਨੂੰ ਲੈ ਕੇ ਆਪਣੇ ਵਿਚਾਰ ਸਪਸ਼ੱਟ ਕਰ ਦਿੱਤੇ ਹਨ।

ਮੌਰੀਸਨ ਨੇ ਬੀਤੇ ਸੋਮਵਾਰ ਨੂੰ ਚੀਨ ਸਰਕਾਰ ਨੂੰ ਕਿਹਾ ਸੀ ਕਿ ਉਹ ਉਸ ਵਿਵਾਦਿਤ ਤਸਵੀਰ ਨੂੰ ਟਵੀਟ ਕਰਨ ਲਈ ਮੁਆਫੀ ਮੰਗੇ, ਜਿਸ ਵਿਚ ਇਕ ਆਸਟ੍ਰੇਲੀਆਈ ਸੈਨਿਕ ਕਥਿਤ ਤੌਰ 'ਤੇ ਇਕ ਬੱਚੇ ਦਾ ਕਤਲ ਕਰਦਾ ਦਿਸ ਰਿਹਾ ਹੈ। ਇਸ ਟਵੀਟ ਦੇ ਬਾਅਦ ਚੀਨ ਅਤੇ ਆਸਟ੍ਰੇਲੀਆ ਦਰਮਿਆਨ ਤਣਾਅ ਵੱਧ ਗਿਆ ਸੀ। ਮੌਰੀਸਨ ਨੇ ਚੀਨ ਦੇ ਵਿਦੇਸ਼ ਮੰਤਰਾਲੇ ਨੂੰ ਫਰਜ਼ੀ ਟਵੀਟ ਹਟਾਉਣ ਦੀ ਮੰਗ ਕੀਤੀ ਸੀ, ਜਿਸ ਵਿਚ ਅਫਗਾਨਿਸਤਾਨ ਵਿਚ ਸੰਘਰਸ਼ ਦੇ ਦੌਰਾਨ ਆਸਟ੍ਰੇਲੀਆਈ ਬਲਾਂ ਵੱਲੋਂ ਕਥਿਤ ਗੈਰ ਕਾਨੂੰਨੀ ਕਤਲ ਅਤੇ ਸ਼ੋਸ਼ਣ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। 'ਵੀਚੈਟ' ਐਫ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਮੌਰੀਸਨ ਦੀ ਪੋਸਟ ਡਿਲੀਟ ਕਰ ਦਿੱਤੀ ਸੀ। ਮੌਰੀਸਨ ਨੇ ਵੀਰਵਾਰ ਨੂੰ ਵੱਖਰਾ ਰੁੱਖ਼ ਅਪਨਾਉਂਦੇ ਹੋਏ ਕੈਨਬਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦਾ ਉਦੇਸ਼ ਹੈ ਕਿ ਦੋਵੇਂ ਦੇਸ਼ ਖੁਸ਼ੀ ਦੇ ਨਾਲ ਰਹਿਣ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਹਾਇਪਰਸੋਨਿਕ ਮਿਜ਼ਾਇਲ ਪਲਾਨ 'ਤੇ ਭੜਕਿਆ ਚੀਨ, ਕਿਹਾ-ਲੇਜ਼ਰ ਗਨ ਨਾਲ ਉਡਾ ਦੇਵਾਂਗੇ

ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ੍ਰਿਡੇਨਬਰਗ ਨੇ ਕਿਹਾ ਕਿ ਉਹ ਟਵੀਟ ਅਤੇ ਵੀਚੈਟ ਤੋਂ ਡਿਲੀਟ ਕੀਤੀ ਗਈ ਪੋਸਟ ਨੂੰ ਲੈ ਕੇ ਨਿਰਾਸ਼ ਹਨ। ਜੋਸ਼ ਫ੍ਰਿਡੇਨਬਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀਚੈਟ 'ਤੇ ਆਪਣੀ ਪੋਸਟ ਵਿਚ ਕਿਹਾ ਸੀ ਕਿ ਉਹਨਾਂ ਨੂੰ ਵਰਦੀ ਪਾਉਣ ਵਾਲੇ ਆਪਣੇ ਜਵਾਨਾਂ 'ਤੇ ਮਾਣ ਹੈ। ਇਸ ਪੋਸਟ ਨੂੰ ਚੀਨੀ ਕੰਪਨੀ ਵੱਲੋਂ ਡਿਲੀਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੀਨੀ ਵਿਦੇਸ਼ ਮੰਤਰਾਲੇ ਦੇ  ਬੁਲਾਰੇ ਝਾਓ ਲਿਜਿਯਾਨ ਨੇ ਬੀਤੇ ਸੋਮਵਾਰ ਨੂੰ ਇਕ ਗ੍ਰਾਫਿਕ ਤਸਵੀਰ ਟਵੀਟ ਕੀਤੀ, ਜਿਸ ਵਿਚ ਇਕ ਮੁਸਕੁਰਾਉਂਦੇ ਹੋਏ ਆਸਟ੍ਰੇਲੀਆਈ ਸੈਨਿਕ ਨੇ ਚਾਕੂ ਇਕ ਬੱਚੇ ਦੇ ਗਲੇ 'ਤੇ ਰੱਖਿਆ ਹੋਇਆ ਹੈ। ਬੱਚਾ ਇਕ ਮੇਮਨੇ ਨੂੰ ਗੋਦੀ ਵਿਚ ਲਏ ਹੋਏ ਹੈ। 

ਝਾਓ ਨੇ ਤਸਵੀਰ ਦੇ ਨਾਲ ਲਿਖਿਆ,''ਆਸਟ੍ਰੇਲੀਆਈ ਸੈਨਿਕਾਂ ਵੱਲੋਂ ਅਫਗਾਨਿਸਤਾਨ ਦੇ ਨਾਗਰਿਕਾਂ ਅਤੇ ਕੈਦੀਆਂ ਦੀ ਕਤਲ ਨਾਲ ਹੈਰਾਨ ਹਾਂ। ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਹਾਂ ਅਤੇ ਇਸ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕਰਦੇ ਹਾਂ।'' ਮੌਰੀਸਨ ਨੇ ਕਿਹਾ ਸੀ ਕਿ ਝਾਓ ਵੱਲੋਂ ਟਵੀਟ ਕੀਤੀ ਗਈ ਤਸਵੀਰ 'ਝੂਠੀ', 'ਅਸਲ ਵਿਚ ਅਪਮਾਨਜਨਕ' ਅਤੇ 'ਅਸੰਗਤ' ਹੈ। ਉਹਨਾਂ ਨੇ ਕਿਹਾ ਸੀ ਕਿ ਚੀਨ ਦੀ ਸਰਕਾਰ ਨੂੰ ਇਸ ਪੋਸਟ ਦੇ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇਸ ਨੇ ਦੁਨੀਆ ਦੀਆਂ ਨਜ਼ਰਾਂ ਵਿਚ ਉਸ ਨੂੰ ਘੱਟ ਕਰ ਦਿੱਤਾ ਹੈ।

ਨੋਟ- ਚੀਨ ਦੇ ਵਿਵਾਦਿਤ ਟਵੀਟ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News