ਸਕਾਟਲੈਂਡ ਪੁਲਸ ਨੇ ਗਲਾਸਗੋ ਅਤੇ ਕਲਾਈਡਬੈਂਕ ''ਚ ਬਰਾਮਦ ਕੀਤੀ 3.8 ਮਿਲੀਅਨ ਪੌਂਡ ਦੀ ਕੋਕੀਨ

Monday, Mar 08, 2021 - 03:51 PM (IST)

ਸਕਾਟਲੈਂਡ ਪੁਲਸ ਨੇ ਗਲਾਸਗੋ ਅਤੇ ਕਲਾਈਡਬੈਂਕ ''ਚ ਬਰਾਮਦ ਕੀਤੀ 3.8 ਮਿਲੀਅਨ ਪੌਂਡ ਦੀ ਕੋਕੀਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਪੁਲਸ ਨੂੰ ਨਸ਼ਿਆਂ ਖ਼ਿਲਾਫ਼ ਚਲਾਈ ਹੋਈ ਮੁਹਿੰਮ 'ਚ ਸ਼ੁੱਕਰਵਾਰ ਦੇ ਦਿਨ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਪੁਲਸ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕਲਾਈਡਬੈਂਕ ਅਤੇ ਗਲਾਸਗੋ ਵਿੱਚ 3.8 ਮਿਲੀਅਨ ਪੌਂਡ ਦੀ ਕੀਮਤ ਵਾਲੀ ਕਲਾਸ ਏ ਡਰੱਗ (ਕੋਕੀਨ) ਦੀ ਬਰਾਮਦਗੀ ਤੋਂ ਬਾਅਦ ਇੱਕ 36 ਸਾਲਾ ਵਿਅਕਤੀ ਨੂੰ ਇਸ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਸ਼ੁੱਕਰਵਾਰ 5 ਮਾਰਚ ਸ਼ਾਮ ਨੂੰ 7.15 ਵਜੇ ਦੇ ਕਰੀਬ, ਅਧਿਕਾਰੀਆਂ ਦੁਆਰਾ ਐਮ 74 ਉੱਪਰ ਉੱਤਰ ਵੱਲ ਜਾਣ ਵਾਲੇ ਵਾਹਨ ਨੂੰ ਰੋਕਣ ਦੌਰਾਨ ਉਸ ਵਿੱਚੋਂ ਵੱਡੀ ਮਾਤਰਾ 'ਚ ਕੋਕੀਨ ਬਰਾਮਦ ਕੀਤੀ ਗਈ। 

ਪੜ੍ਹੋ ਇਹ ਅਹਿਮ ਖਬਰ - ਪ੍ਰਿੰਸ ਹੈਰੀ ਅਤੇ ਮੇਗਨ ਨੇ ਖੋਲ੍ਹੇ ਕਈ ਰਾਜ਼, ਕਿਹਾ- ਸ਼ਾਹੀ ਵਿਆਹ ਤੋਂ 3 ਦਿਨ ਪਹਿਲਾਂ ਹੀ ਕਰਾ ਚੁੱਕੇ ਸੀ ਵਿਆਹ

ਇਸ ਦੇ ਨਤੀਜੇ ਵਜੋਂ ਮਾਮਲੇ ਦੀ ਅਗਲੀ ਜਾਂਚ ਕਰਦਿਆਂ ਕਲਾਈਡਬੈਂਕ ਦੇ ਅਚਿਨਲੈਕ ਟੇਰੇਸ ਤੇ ਕੋਂਚੋ ਰੋਡ ਖੇਤਰ ਅਤੇ ਬੀਅਰਸਡਨ ਰੋਡ, ਗਲਾਸਗੋ ਸਮੇਤ ਤਿੰਨ ਸੰਪਤੀਆਂ ਦੇ ਛਾਪਾਮਾਰੀ ਵਾਰੰਟ ਜਾਰੀ ਕੀਤੇ ਗਏ। ਇਸ ਦੌਰਾਨ ਜ਼ਬਤ ਕੀਤੀ ਗਈ ਕੋਕੀਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ 8 ਮਾਰਚ ਦੇ ਦਿਨ ਏਅਰਡਰੀ ਸ਼ੈਰਿਫ ਕੋਰਟ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਪੁਲਸ ਦੀ ਇਸ ਸਫਲਤਾ 'ਤੇ ਬੋਲਦਿਆਂ ਸੁਪਰਡੈਂਟ ਕ੍ਰੇਗ ਵਿਲਿਸਨ ਨੇ ਇਸ ਮਹੱਤਵਪੂਰਨ ਕਾਰਵਾਈ ਵਿੱਚ ਸ਼ਾਮਿਲ ਅਧਿਕਾਰੀਆਂ ਦੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ਲੱਖਾਂ ਪੌਂਡ ਦੀ ਕੋਕੀਨ ਦੇਸ਼ ਵਿੱਚ ਪਹੁੰਚਣ ਤੋਂ ਰੋਕੀ ਗਈ ਹੈ।


author

Vandana

Content Editor

Related News