ਸਕਾਟਲੈਂਡ : ਵਿਅਕਤੀ ''ਤੇ ਲੱਗੇ ਕਪਤਾਨ ਟੌਮ ਮੂਰ ਦੀ ਮੌਤ ਸੰਬੰਧੀ ਅਪਮਾਨਜਨਕ ਟਵੀਟ ਕਰਨ ਦੇ ਦੋਸ਼

Tuesday, Feb 09, 2021 - 03:11 PM (IST)

ਸਕਾਟਲੈਂਡ : ਵਿਅਕਤੀ ''ਤੇ ਲੱਗੇ ਕਪਤਾਨ ਟੌਮ ਮੂਰ ਦੀ ਮੌਤ ਸੰਬੰਧੀ ਅਪਮਾਨਜਨਕ ਟਵੀਟ ਕਰਨ ਦੇ ਦੋਸ਼

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਇਕ ਵਿਅਕਤੀ 'ਤੇ ਕਪਤਾਨ ਸਰ ਟੌਮ ਮੂਰ ਦੀ ਮੌਤ ਬਾਰੇ ਸ਼ੋਸਲ ਮੀਡੀਆ ਸਾਈਟ ਟਵਿੱਟਰ ਉੱਪਰ ਅਪਮਾਨਜਨਕ ਟਵੀਟ ਲਿਖਣ ਦਾ ਦੋਸ਼ ਲਗਾਇਆ ਗਿਆ ਹੈ। ਇਸ 35 ਸਾਲਾ ਸ਼ੱਕੀ ਵਿਅਕਤੀ ਨੇ 100 ਸਾਲਾ ਕਪਤਾਨ ਟੌਮ ਦੇ ਕੋਵਿਡ ਪਾਜ਼ੀਟਿਵ ਟੈਸਟ ਕਰਨ ਤੋਂ ਬਾਅਦ ਬੈੱਡਫੋਰਡ ਹਸਪਤਾਲ ਵਿਚ ਮੌਤ ਹੋਣ ਦੇ ਬਾਅਦ ਟਵਿੱਟਰ 'ਤੇ ਟਿੱਪਣੀ ਕੀਤੀ ਸੀ, ਜਿਸ ਵਿਚ ਕਥਿਤ ਤੌਰ 'ਤੇ ਮੂਰ ਦਾ ਹਵਾਲਾ ਦੇ ਕੇ ਬ੍ਰਿਟਿਸ਼ ਫ਼ੌਜੀਆਂ ਦੇ ਮਰਨ ਬਾਰੇ ਲਿਖਿਆ ਗਿਆ ਸੀ। 

ਸਕਾਟਲੈਂਡ ਪੁਲਸ ਅਨੁਸਾਰ ਇਸ ਵਿਅਕਤੀ 'ਤੇ ਹੁਣ ਕਮਿਊਨੀਕੇਸ਼ਨ ਜੁਰਮ ਦੇ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ 17 ਫਰਵਰੀ ਨੂੰ ਲੈਨਾਰਕ ਸ਼ੈਰਿਫ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਜੇਕਰ ਇਹ ਵਿਅਕਤੀ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਸ ਨੂੰ ਛੇ ਮਹੀਨਿਆਂ ਦੀ ਕੈਦ ਜਾਂ 5,000 ਪੌਂਡ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕਮਿਊਨੀਕੇਸ਼ਨਜ਼ ਐਕਟ 2003 ਦਾ ਮਤਲਬ ਉਨ੍ਹਾਂ ਆਨਲਾਈਨ ਅਪਰਾਧਾਂ ਤੋਂ ਹੈ, ਜਿਨ੍ਹਾਂ ਨੂੰ ਘੋਰ ਅਪਮਾਨਜਨਕ ਵਜੋਂ ਮੰਨਿਆ ਜਾ ਸਕਦਾ ਹੈ। 

ਜ਼ਿਕਰਯੋਗ ਹੈ ਕਿ ਕਪਤਾਨ ਟੌਮ ਮੂਰ ਦੀ ਮੌਤ 2 ਫਰਵਰੀ ਨੂੰ ਹੋਣ ਤੋਂ ਪਹਿਲਾਂ ਉਸ ਨੂੰ ਨਮੋਨੀਆ ਅਤੇ ਕੋਰੋਨਾ ਪੀੜਤ ਹੋਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ । ਪਹਿਲੀ ਤਾਲਾਬੰਦੀ ਦੌਰਾਨ ਮੂਰ ਐੱਨ. ਐੱਸ. ਐੱਚ. ਲਈ ਲੱਖਾਂ ਪੌਂਡ ਦੀ ਦਾਨ ਰਾਸ਼ੀ ਇਕੱਠੀ ਕਰਕੇ ਇਕ ਰਾਸ਼ਟਰੀ ਨਾਇਕ ਵਜੋਂ ਉੱਭਰ ਕੇ ਸਾਹਮਣੇ ਆਏ। 2020 ਦੇ ਅੰਤ ਵਿਚ ਟੌਮ ਮੂਰ ਦੇ ਬਾਰਬਾਡੋਸ ਜਾਣ ਕਰਕੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ।


author

Lalita Mam

Content Editor

Related News