ਸਕਾਟਲੈਂਡ ਵਾਸੀ ਨਹੀਂ ਹਨ ਇਕਾਂਤਵਾਸ ਪ੍ਰਤੀ ਸੁਚੇਤ
Thursday, Oct 22, 2020 - 01:40 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੀ ਲਾਗ ਨੂੰ ਅੱਗੇ ਹੋਰ ਲੋਕਾਂ ਵਿਚ ਫੈਲਣ ਤੋਂ ਰੋਕਣ ਲਈ ਇਸ ਦੇ ਲੱਛਣਾਂ ਦਾ ਪ੍ਰਗਟਾਵਾ ਕਰਦੇ ਲੋਕਾਂ ਲਈ ਆਪਣੇ-ਆਪ ਨੂੰ ਇਕਾਂਤਵਾਸ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਪਰ ਲੱਗਦਾ ਹੈ ਕਿ ਸਕਾਟਿਸ਼ ਲੋਕ ਇਸ ਉਪਾਅ ਬਾਰੇ ਚੰਗੀ ਤਰ੍ਹਾਂ ਸੁਚੇਤ ਨਹੀਂ ਹਨ। ਇਸ ਦਾ ਖੁਲਾਸਾ ਇੱਕ ਸਰਵੇਖਣ ਦੌਰਾਨ ਹੋਇਆ ਹੈ। ਇਸ ਅਨੁਸਾਰ ਲਗਭਗ ਪੰਜਾਂ ਵਿੱਚੋਂ ਇੱਕ ਸਕਾਟਿਸ਼ ਵਾਸੀ ਮੰਨਦਾ ਹੈ ਕਿ ਉਹ ਵਾਇਰਸ ਦੇ ਲੱਛਣਾਂ ਦਾ ਪ੍ਰਗਟਾਵਾ ਕਰਨ ਦੇ ਬਾਅਦ ਵੀ ਇਕਾਂਤਵਾਸ ਲਈ ਇੱਕ ਜਾਂ ਦੋ ਦਿਨ ਦੀ ਉਡੀਕ ਕਰੇਗਾ ਜਦਕਿ ਸਕਾਟਿਸ਼ ਸਰਕਾਰ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਜਨਤਾ ਨੂੰ ਤੁਰੰਤ ਇਕਾਂਤਵਾਸ ਹੋਣਾ ਚਾਹੀਦਾ ਹੈ।
ਇਸ ਮਾਮਲੇ ਵਿਚ ਸਕਾਟਲੈਂਡ ਵਿਚ 1000 ਤੋਂ ਵੱਧ ਬਾਲਗਾਂ ਨੂੰ ਇਕ ਯੂ. ਓ. ਜੀ. ਸਰਵੇਖਣ ਵਿਚ ਪੁੱਛਿਆ ਗਿਆ ਹੈ ਕਿ ਉਨ੍ਹਾਂ ਵਿੱਚ ਕੋਵਿਡ ਦਾ ਕੋਈ ਲੱਛਣ ਪਾਏ ਜਾਣ ਤੇ ਉਹ ਕੀ ਕਰਨਗੇ? ਤਾਂ 69 ਫੀਸਦੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਅਲੱਗ ਕਰਕੇ ਅਤੇ ਤੁਰੰਤ ਹੀ ਟੈਸਟ ਬੁੱਕ ਕਰਾਉਣਗੇ। 18 ਫੀਸਦੀ ਇਕ ਜਾਂ ਦੋ ਦਿਨ ਇੰਤਜ਼ਾਰ ਕਰਨਗੇ ਜਦਕਿ ਹੋਰ ਤਿੰਨ ਪ੍ਰਤੀਸ਼ਤ ਨੇ ਕਿਹਾ ਕਿ ਉਹ ਆਮ ਵਾਂਗ ਰਹਿਣਗੇ ਜਿਸ ਨਾਲ ਵਾਇਰਸ ਦੇ ਲੱਛਣ 'ਵਧੇ ਜਾਂ ਘਟੇ' ਬਾਰੇ ਪਤਾ ਲੱਗ ਸਕੇ।
ਇਹ ਹੀ ਨਹੀਂ ਸਕਾਟਲੈਂਡ ਦੇ ਕੁੱਝ ਹਾਈ ਪ੍ਰੋਫਾਈਲ ਮਾਮਲੇ ਵੀ ਕੋਵਿਡ ਨਿਯਮ ਨੂੰ ਤੋੜਨ ਵਿਚ ਸ਼ਾਮਲ ਹਨ, ਜਿਸ ਵਿਚ ਮਾਰਗਰੈਟ ਫੇਰੀਅਰ ਸੰਸਦ ਮੈਂਬਰ ਮੁੱਖ ਹੈ, ਜਿਨ੍ਹਾਂ ਨੇ ਵਾਇਰਸ ਦਾ ਟੈਸਟ ਲਏ ਜਾਣ ਦੇ ਬਾਵਜੂਦ ਰੇਲਵੇ ਰਾਹੀਂ ਲੰਡਨ ਲਈ ਯਾਤਰਾ ਕੀਤੀ ਅਤੇ ਫਿਰ ਟੈਸਟ ਪਾਜ਼ੀਟਿਵ ਹੋਣ ਦੇ ਬਾਵਜੂਦ ਵੀ ਇਕਾਂਤਵਾਸ ਹੋਣ ਦੀ ਜਗ੍ਹਾ ਰੇਲ ਦੁਆਰਾ ਵਾਪਸ ਪਰਤੇ। ਇਸ ਤਰ੍ਹਾਂ ਸਵੈ-ਅਲੱਗ ਹੋਣ ਬਾਰੇ ਭੰਬਲਭੂਸਾ ਜ਼ਾਹਰ ਕਰਨ ਵਾਲਾ ਇਹ ਸਰਵੇਖਣ ਸਾਹਮਣੇ ਆਇਆ ਹੈ ਕਿਉਂਕਿ ਹਾਲ ਹੀ ਦੇ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ।