ਬਰਤਾਨਵੀ ਕੈਬਨਿਟ ਮੀਟਿੰਗ ਮੁਲਤਵੀ, ਸਕਾਟਲੈਂਡ ਦੀ ਚੀਫ ਮੈਡੀਕਲ ਅਫ਼ਸਰ ਵੱਲੋਂ ਅਸਤੀਫ਼ਾ

Tuesday, Apr 07, 2020 - 02:21 PM (IST)

ਬਰਤਾਨਵੀ ਕੈਬਨਿਟ ਮੀਟਿੰਗ ਮੁਲਤਵੀ, ਸਕਾਟਲੈਂਡ ਦੀ ਚੀਫ ਮੈਡੀਕਲ ਅਫ਼ਸਰ ਵੱਲੋਂ ਅਸਤੀਫ਼ਾ

ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ)- ਕੋਰੋਨਾਵਾਇਰਸ ਪੀੜਤ ਹੋਣ ਤੋਂ ਬਾਅਦ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਹਸਪਤਾਲ ਵਿਚ ਭਰਤੀ ਹਨ। ਇਸ ਕਾਰਨ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਉਨ੍ਹਾਂ ਦਾ ਕੰਮਕਾਜ ਵਿਦੇਸ਼ ਸਕੱਤਰ ਡੌਮਨਿਕ ਰਾਬ ਦੇਖਣਗੇ। 

ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਦੀ ਸਿਹਤਯਾਬੀ ਲਈ ਦੁਆਵਾਂ ਹੋ ਰਹੀਆਂ ਹਨ। ਸਕਾਟਲੈਂਡ ਦੀ ਚੀਫ ਹੈਲਥ ਅਫ਼ਸਰ ਡਾ. ਕੈਥਰੀਨ ਕਾਲਡਰਵੁੱਡ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਦਾ ਸਮਾਚਾਰ ਹੈ। ਉਨ੍ਹਾਂ ਇਹ ਅਸਤੀਫ਼ਾ ਇਸ ਕਰਕੇ ਦਿੱਤਾ ਕਿ ਉਸ ਨੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ।

 
ਜ਼ਿਕਰਯੋਗ ਹੈ ਕਿ ਕੈਥਰੀਨ ਆਪਣੇ ਐਡਿਨਬਰਾ ਸਥਿਤ ਘਰ ਤੋਂ ਇੱਕ ਘੰਟੇ ਤੋਂ ਵਧੇਰੇ ਰਸਤਾ ਕਾਰ ਰਾਹੀਂ ਤੈਅ ਕਰਕੇ ਅਰਲਜ਼ਬੈਰੀ ਸਥਿਤ ਆਪਣੇ ਦੂਜੇ ਘਰ ਦੋ ਵਾਰ ਗਈ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੈਰ-ਜ਼ਰੂਰੀ ਸਫ਼ਰ ਕਰਨੋਂ ਸੰਕੋਚ ਕਰਨ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਉਹ ਆਪਣੇ ਜੱਦੀ ਘਰਾਂ ਵਿਚ ਹੀ ਰਹਿਣ। ਚੀਫ ਮੈਡੀਕਲ ਅਫਸਰ ਨੇ ਭਰੇ ਮਨ ਨਾਲ ਆਪਣਾ ਅਸਤੀਫ਼ਾ ਦਿੰਦਿਆਂ ਆਪਣੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਲਈ ਮੁਆਫ਼ੀ ਵੀ ਮੰਗੀ ਹੈ।
ਜ਼ਿਕਰਯੋਗ ਹੈ ਕਿ ਪੀ. ਐੱਮ. ਬੋਰਿਸ ਜਾਨਸਨ ਦੀ ਸਿਹਤ ਖਰਾਬ ਹੋਣ ਕਾਰਨ ਬੀਤੀ ਰਾਤ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਭਰਤੀ ਕੀਤਾ ਗਿਆ ਸੀ ਤੇ ਦੇਸ਼ ਭਰ ਵਿਚ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਹੋ ਰਹੀਆਂ ਹਨ। 


author

Lalita Mam

Content Editor

Related News