ਸਕਾਟਲੈਂਡ : ਕੋਰੋਨਾ ਵਾਇਰਸ ਟੀਕਾਕਰਨ ਕੇਂਦਰਾਂ ''ਚ ਹੋਵੇਗੀ ਫ਼ੌਜ ਦੀ ਤਾਇਨਾਤੀ

01/18/2021 2:14:43 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਪਿਛਲੇ ਸਾਲ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼ ਭਰ ਵਿਚ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਮੁਹਿੰਮ 'ਚ ਸੈਨਿਕ ਬਲਾਂ ਨੇ ਸਿਹਤ ਵਿਭਾਗ ਦੀ ਹਰ ਸੰਭਵ ਢੰਗ ਨਾਲ ਸਹਾਇਤਾ ਕੀਤੀ ਹੈ। ਸਕਾਟਲੈਂਡ ਵਿਚ ਇਸ ਸਮੇਂ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਕੋਰੋਨਾ ਟੀਕਾਕਰਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਸਫਲ ਅਤੇ ਤੇਜ਼ ਕਰਨ ਲਈ ਹੁਣ ਬ੍ਰਿਟਿਸ਼ ਆਰਮੀ ਸਕਾਟਲੈਂਡ ਵਿਚ ਤਕਰੀਬਨ 80 ਦੇ ਕਰੀਬ ਕੋਰੋਨਾ ਵਾਇਰਸ ਟੀਕਾਕਰਨ ਕੇਂਦਰਾਂ ਵਿਚ ਸਿਹਤ ਕਾਮਿਆਂ ਦੀ ਸਹਾਇਤਾ ਕਰਨ ਲਈ ਤਾਇਨਾਤ ਹੋਵੇਗੀ। 

ਇਸ ਸੰਬੰਧ ਵਿਚ ਰੱਖਿਆ ਸੱਕਤਰ ਬੈਨ ਵਾਲੇਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅਗਲੇ 28 ਦਿਨਾਂ ਦੌਰਾਨ ਐੱਨ. ਐੱਚ. ਐੱਸ. ਸਕਾਟਲੈਂਡ ਲਈ ਕੋਵਿਡ -19 ਟੀਕਾ ਕੇਂਦਰਾਂ ਵਿਚ 98 ਸੈਨਿਕਾਂ ਦੀ ਤਾਇਨਾਤੀ ਕੀਤੀ ਜਾਵੇਗੀ। ਫ਼ੌਜ ਦੇ ਇਹ ਜਵਾਨ ਟੀਕਾ ਕੇਦਰਾਂ 'ਤੇ ਟੀਕੇ ਦੀ ਸਪੁਰਦਗੀ, ਦਵਾਈਆਂ ਅਤੇ ਉਪਕਰਣਾਂ ਲਈ ਸਟੋਰੇਜ ਦੀ ਤਿਆਰੀ, ਮਰੀਜ਼ਾਂ ਦੀ ਰਜਿਸਟਰੇਸ਼ਨ ਕਰਨ ਦੇ ਨਾਲ ਹੀ ਸਾਈਟਾਂ ਦੇ ਆਸਪਾਸ ਕਾਰ ਪਾਰਕਿੰਗ ਅਤੇ ਟ੍ਰੈਫਿਕ ਸੰਬੰਧੀ ਕੰਮਾਂ ਵਿਚ ਸਹਾਇਤਾ ਕਰਨਗੇ, ਜਿਸ ਨਾਲ ਸਿਹਤ ਕਾਮਿਆਂ ਨੂੰ ਟੀਕਾਕਰਨ ਪ੍ਰਕਿਰਿਆ ਵਿਚ ਸਮੱਸਿਆ ਦਾ ਸਾਹਮਣਾ ਨਹੀਂ ਹੋਵੇਗਾ। 

ਇਸ ਯੋਜਨਾ ਤਹਿਤ ਤਾਇਨਾਤ ਹੋਣ ਵਾਲੇ ਸੈਨਿਕ, ਜ਼ਿਆਦਾਤਰ ਰਾਇਲ ਸਕਾਟਿਸ਼ ਡ੍ਰੈਗਨ ਗਾਰਡਜ਼ ਵਿਚੋਂ ਹੋਣਗੇ ਅਤੇ 98 ਸੈਨਿਕਾਂ ਨੂੰ ਸਟਰਲਿੰਗ ਅਧਾਰਿਤ 20 ਫ਼ੌਜੀ ਅਧਿਕਾਰੀਆਂ ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ, ਜਦੋਂ ਕਿ 32 ਹੋਰ ਅਧਿਕਾਰੀ ਸਕਾਟਲੈਂਡ ਦੀ ਸਰਕਾਰ ਅਤੇ  ਸਿਹਤ ਬੋਰਡਾਂ ਦੇ ਨਾਲ ਮਿਲ ਕੇ ਐਡਿਨਬਰਾ ਦੇ ਸੇਂਟ ਐਂਡਰਿਊਜ਼ ਹਾਊਸ ਤੋਂ ਸਹਾਇਤਾ ਪ੍ਰਦਾਨ ਕਰਨਗੇ। ਸਰਕਾਰ ਦੁਆਰਾ ਉਮੀਦ ਕੀਤੀ ਜਾਂਦੀ ਹੈ ਕਿ ਟੀਕਾਕਰਨ ਮੁਹਿੰਮ ਵਿਚ ਸੈਨਿਕ ਬਲਾਂ ਦੀ ਸ਼ਮੂਲੀਅਤ ਨਾਲ ਸਿਹਤ ਕਾਮੇ ਜ਼ਿਆਦਾ ਲੋਕਾਂ ਨੂੰ ਵਾਇਰਸ ਦੇ ਟੀਕੇ ਦੀ ਖੁਰਾਕ ਦੇਣ ਦੇ ਯੋਗ ਹੋਣਗੇ।
 


Lalita Mam

Content Editor

Related News