ਸਕਾਟਲੈਂਡ: ਮਰਦਮਸ਼ੁਮਾਰੀ ''ਚ ਹਿੱਸਾ ਨਾ ਲੈਣ ਵਾਲਿਆਂ ਨੂੰ ਹੋਵੇਗਾ 1000 ਪੌਂਡ ਜੁਰਮਾਨਾ

04/26/2022 12:37:27 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਮਰਦਮਸ਼ੁਮਾਰੀ ਦੇ ਚਲਦਿਆਂ 1 ਮਈ, 2022 ਦੀ ਅੰਤਮ ਤਾਰੀਖ਼ ਤੱਕ ਇਸਦਾ ਫਾਰਮ ਜਮ੍ਹਾਂ ਨਾ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕਾਟਲੈਂਡ ਦੇ ਤਕਰੀਬਨ 700,000 ਲੋਕਾਂ ਨੂੰ ਅਜੇ ਵੀ ਆਪਣੀ ਜਨਗਣਨਾ ਜਵਾਬ ਪੱਤਰ ਜਮ੍ਹਾਂ ਕਰਾਉਣ ਦੀ ਲੋੜ ਹੈ। ਇਸ ਸੰਬੰਧੀ ਸਕਾਟਲੈਂਡ ਦੇ ਨੈਸ਼ਨਲ ਰਿਕਾਰਡ ਦੇ ਅਨੁਸਾਰ ਇੱਕ ਚੌਥਾਈ ਲੋਕਾਂ ਨੇ ਅਜੇ ਤੱਕ ਆਪਣੇ ਜਨਗਣਨਾ ਫਾਰਮ ਵਾਪਸ ਨਹੀਂ ਭੇਜੇ ਹਨ। ਜਿਸ ਤਹਿਤ 20 ਲੱਖ ਤੋਂ ਵੱਧ ਸਕਾਟਿਸ਼ ਪਰਿਵਾਰਾਂ ਨੇ ਆਪਣੀ ਜਨਗਣਨਾ ਪ੍ਰਤੀਕਿਰਿਆ ਜਮ੍ਹਾ ਕਰ ਦਿੱਤੀ ਹੈ ਪਰ ਹੋਰ 700,000 ਨੂੰ ਅਜੇ ਵੀ ਇਸ ਨੂੰ ਪੂਰਾ ਕਰਨ ਦੀ ਲੋੜ ਹੈ। 

ਨਤੀਜੇ ਵਜੋਂ 1 ਮਈ, 2022 ਦੀ ਅੰਤਿਮ ਮਿਤੀ ਤੱਕ ਫਾਰਮ ਜਮ੍ਹਾਂ ਨਾ ਕਰਨ ਵਾਲਿਆਂ ਲਈ ਸਖ਼ਤ ਜੁਰਮਾਨਾ ਹੋ ਸਕਦਾ ਹੈ। ਸੰਵਿਧਾਨ, ਵਿਦੇਸ਼ ਮਾਮਲਿਆਂ ਅਤੇ ਸੱਭਿਆਚਾਰ ਲਈ ਕੈਬਨਿਟ ਸਕੱਤਰ ਐਂਗਸ ਰੌਬਰਟਸਨ (ਐੱਮ ਐੱਸ ਪੀ) ਅਨੁਸਾਰ ਸਕਾਟਲੈਂਡ ਵਿੱਚ ਹਰ ਘਰ ਮਾਲਕ ਦੁਆਰਾ ਮਰਦਮਸ਼ੁਮਾਰੀ ਨੂੰ ਪੂਰਾ ਕਰਨਾ ਜ਼ਰੂਰੀ ਹੈ ਅਤੇ ਇਹ ਇੱਕ ਕਾਨੂੰਨੀ ਜ਼ਿੰਮੇਵਾਰੀ ਵੀ ਹੈ। ਜਨਗਣਨਾ ਐਕਟ 1920 ਹਰ ਪੰਜ ਸਾਲ ਬਾਅਦ ਮਰਦਮਸ਼ੁਮਾਰੀ ਕਰਾਉਣ ਦੀ ਇਜਾਜ਼ਤ ਦਿੰਦਾ ਹੈ। ਇਸ ਕਾਨੂੰਨ ਦੇ ਤਹਿਤ ਜਿਹੜੇ ਲੋਕ ਭਰੇ ਹੋਏ ਜਨਗਣਨਾ ਫਾਰਮ ਨੂੰ ਜਮ੍ਹਾਂ ਕਰਾਉਣ ਵਿੱਚ ਅਸਫਲ ਰਹਿੰਦੇ ਹਨ ਜਾਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਅਪਰਾਧਿਕ ਰਿਕਾਰਡ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸ਼ਖ਼ਸੀਅਤਾਂ ਨੇ ਪਾਕਿਸਤਾਨ ਸਰਕਾਰ ਨੂੰ 'ਭਾਰਤ ਨਾਲ ਬਿਹਤਰ ਸਬੰਧ' ਬਣਾਉਣ ਦੀ ਕੀਤੀ ਅਪੀਲ

ਜਨਗਣਨਾ ਨੂੰ ਗਲਤ ਜਾਣਕਾਰੀ ਦੇਣਾ ਵੀ ਅਪਰਾਧਿਕ ਅਪਰਾਧ ਹੈ। ਇਸਦੇ ਇਲਾਵਾ ਮਰਦਮਸ਼ੁਮਾਰੀ ਵਿੱਚ ਹਿੱਸਾ ਨਾ ਲੈਣ ਵਾਲੇ ਹਰੇਕ ਵਿਅਕਤੀ ਨੂੰ 1000 ਪੌਂਡ ਤੱਕ ਦਾ ਜੁਰਮਾਨਾ ਜਾਰੀ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਨੂੰ ਡਾਕ ਦੁਆਰਾ ਕਾਗਜ਼ੀ ਕਾਪੀ ਪ੍ਰਾਪਤ ਨਹੀਂ ਹੋਈ, ਤਾਂ ਉਹ ਜਨਗਣਨਾ ਨੂੰ ਅਜੇ ਵੀ ਆਨਲਾਈਨ ਭਰ ਸਕਦੇ ਹਨ।
 


Vandana

Content Editor

Related News