ਸਕਾਟਲੈਂਡ : ਵਿਦਿਆਰਥੀ ਰਿਹਾਇਸ਼ਾਂ ’ਚ ਕਿਰਾਏ ਦੇ ਵਾਧੇ ਨੇ ਕੱਢਿਆ ਧੂੰਆਂ, ਸਰਕਾਰ ਤੋਂ ਦਖਲ ਦੀ ਮੰਗ

Friday, Jan 21, 2022 - 03:16 PM (IST)

ਸਕਾਟਲੈਂਡ : ਵਿਦਿਆਰਥੀ ਰਿਹਾਇਸ਼ਾਂ ’ਚ ਕਿਰਾਏ ਦੇ ਵਾਧੇ ਨੇ ਕੱਢਿਆ ਧੂੰਆਂ, ਸਰਕਾਰ ਤੋਂ ਦਖਲ ਦੀ ਮੰਗ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਆਪਣੇ ਰਿਹਾਇਸ਼ੀ ਸਥਾਨਾਂ ਦੇ ਕਿਰਾਏ ’ਚ ਹੋ ਰਹੇ ਵਾਧੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵਧ ਰਹੇ ਕਿਰਾਏ ਨਾਲ ਨਜਿੱਠਣ ਲਈ ਵਿਦਿਆਰਥੀ ਸਕਾਟਿਸ਼ ਸਰਕਾਰ ਤੋਂ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ। ਇਸ ਸਬੰਧੀ ਇਕ ਅਧਿਐਨ ਅਨੁਸਾਰ ਵਿਦਿਆਰਥੀਆਂ ਦੀ ਰਿਹਾਇਸ਼ ਲਈ ਅਦਾ ਕੀਤੀ ਔਸਤ ਰਕਮ ਤਿੰਨ ਸਾਲ ਪਹਿਲਾਂ ਨਾਲੋਂ 34 ਫੀਸਦੀ ਵੱਧ ਹੈ। ਵਿਦਿਆਰਥੀ ਰਿਹਾਇਸ਼ ਦਾ ਔਸਤ ਸਾਲਾਨਾ ਕਿਰਾਏ ਦਾ ਖਰਚਾ 2018 ’ਚ 5111 ਪੌਂਡ ਸੀ ਪਰ 2021-22 ’ਚ ਵਧ ਕੇ 6853 ਪੌਂਡ ਹੋ ਗਿਆ ਹੈ।

ਔਸਤਨ ਨਿੱਜੀ ਖੇਤਰ ਦੀ ਰਿਹਾਇਸ਼ ’ਚ ਰਹਿਣ ਵਾਲੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਰਿਹਾਇਸ਼ ’ਚ ਰਹਿਣ ਵਾਲੇ ਵਿਦਿਆਰਥੀਆਂ ਲਈ ਔਸਤਨ 5809 ਪੌਂਡ ਦੇ ਮੁਕਾਬਲੇ ਹਾਊਸਿੰਗ ਖਰਚਿਆਂ ’ਚ 7322 ਪੌਂਡ ਦਾ ਭੁਗਤਾਨ ਕੀਤਾ। ਇਸ ਸਬੰਧ ’ਚ ਸਕਾਟਿਸ਼ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਕਿਰਾਏ ਦੇ ਘਰਾਂ ਲਈ ਪਹੁੰਚ, ਯੋਗਤਾ, ਸਮਰੱਥਾ ਅਤੇ ਮਿਆਰਾਂ ਨੂੰ ਬਿਹਤਰ ਬਣਾਉਣ ਲਈ ਦ੍ਰਿੜ੍ਹ ਹੈ। ਹਾਲ ਦੀ ਘੜੀ ਇਹ ਗੱਲ ਸੋਚਣ ਵਾਲੀ ਹੈ ਕਿ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਇਸ ਕਿਰਾਇਆ ਵਾਧੇ ਨਾਲ ਜੂਝਦੇ ਹੋਏ ਕਿਸ ਤਰ੍ਹਾਂ ਦੀ ਮਾਨਸਿਕ ਪੀੜ ’ਚੋਂ ਲੰਘ ਰਹੇ ਹੋਣਗੇ।


author

Manoj

Content Editor

Related News