ਸਕਾਟਲੈਂਡ: ਪਿਛਲੇ ਦਹਾਕੇ ਦੌਰਾਨ 100 ਤੋਂ ਵੱਧ ਪੁਲਸ ਸਟੇਸ਼ਨ ਹੋਏ ਬੰਦ

04/05/2022 2:03:23 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ 140 ਪੁਲਸ ਸਟੇਸ਼ਨਾਂ ਅਤੇ ਦਫ਼ਤਰਾਂ ਨੂੰ ਬੰਦ ਕੀਤਾ ਗਿਆ ਹੈ। ਇਹਨਾਂ ਬੰਦ ਕੀਤੇ ਸਟੇਸ਼ਨਾਂ ਤੇ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਵੇਚ ਕੇ ਪੁਲਸ ਸਕਾਟਲੈਂਡ ਨੇ ਮਿਲੀਅਨਾਂ ਪੌਂਡ ਕਮਾਏ ਹਨ। ਪਰ ਇਹਨਾਂ ਬੰਦ ਕੀਤੇ ਸੇਵਾ ਕੇਂਦਰਾਂ ਬਾਰੇ ਸਕਾਟਿਸ਼ ਪੁਲਸ ਫੈਡਰੇਸ਼ਨ ਨੇ ਕਿਹਾ ਹੈ ਕਿ ਇਸ ਦਾ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਨੁਕਸਾਨਦਾਇਕ ਪ੍ਰਭਾਵ ਪੈ ਰਿਹਾ ਹੈ।

ਸੋਸ਼ਲ ਅਫੇਅਰਜ਼ ਮੈਗਜ਼ੀਨ 1919 ਦੁਆਰਾ ਕੀਤੀ ਖੋਜ 'ਚ ਸਾਹਮਣੇ ਆਇਆ ਹੈ ਕਿ ਕੁੱਝ ਸਟਾਫ਼ ਨੂੰ ਕੌਂਸਲ ਹੈੱਡਕੁਆਰਟਰ ਸਮੇਤ ਸਾਂਝੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਗਿਆ ਸੀ। ਹਾਲਾਂਕਿ, ਬਹੁਤ ਸਾਰੀਆਂ ਇਮਾਰਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪੁਲਸ ਸਕਾਟਲੈਂਡ ਨੇ 2013 ਤੋਂ ਹੁਣ ਤੱਕ ਸੰਪਤੀ ਦੀ ਵਿਕਰੀ ਵਿੱਚ 28 ਮਿਲੀਅਨ ਪੌਂਡ ਤੋਂ ਵੱਧ ਕਮਾਏ ਹਨ। ਇਹ ਪਿਛਲੇ ਸਾਲ ਸਾਹਮਣੇ ਆਇਆ ਸੀ ਕਿ ਪੁਲਸ ਸਕਾਟਲੈਂਡ ਨੇ ਆਪਣੀਆਂ 96 ਪੁਰਾਣੀਆਂ ਜਾਇਦਾਦਾਂ ਨੂੰ ਵੇਚ ਕੇ 28.5 ਮਿਲੀਅਨ ਪੌਂਡ ਕਮਾਏ ਸਨ।

ਗਲਾਸਗੋ ਦੀ ਪਿਟ ਸਟ੍ਰੀਟ ਵਿੱਚ ਸਾਬਕਾ ਸਟ੍ਰੈਥਕਲਾਈਡ ਪੁਲਸ ਹੈੱਡਕੁਆਰਟਰ ਨੇ ਫੋਰਸ ਲਈ 9.8 ਮਿਲੀਅਨ ਪੌਂਡ ਇਕੱਠੇ ਕੀਤੇ, ਜਦੋਂ ਕਿ ਚੈਂਬਰਸ ਸਟ੍ਰੀਟ, ਐਡਿਨਬਰਾ ਵਿੱਚ ਸਾਬਕਾ ਪੁਲਸ ਸਿਖਲਾਈ ਸਕੂਲ ਨੇ 3.3 ਮਿਲੀਅਨ ਪੌਂਡ ਦੀ ਕਮਾਈ ਕੀਤੀ। ਇਸ ਦੇ ਇਲਾਵਾ ਹੋਰ 26 ਇਮਾਰਤਾਂ ਨੂੰ ਸੂਚੀਬੱਧ ਕੀਤਾ ਗਿਆ ਸੀ ਜੋ ਮਾਰਕੀਟ ਵਿੱਚ, ਵਿਕਰੀ ਲਈ ਜਾਂ ਕਮਿਊਨਿਟੀ ਟ੍ਰਾਂਸਫਰ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ। ਸਕਾਟਿਸ਼ ਪੁਲਸ ਫੈਡਰੇਸ਼ਨ ਦੇ ਜਨਰਲ ਸਕੱਤਰ ਕੈਲਮ ਸਟੀਲ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿੱਚੋਂ ਸਟਾਫ ਨੂੰ ਸ਼ਹਿਰੀ ਖੇਤਰਾਂ ਵਿੱਚ ਤਬਦੀਲ ਕਰਨ ਨਾਲ ਪੇਂਡੂ ਖੇਤਰਾਂ ਵਿੱਚ ਵਸਦੇ ਲੋਕਾਂ ਦੇ ਵਿਸਵਾਸ਼ ਨੂੰ ਠੇਸ ਪਹੁੰਚੇਗੀ। 


cherry

Content Editor

Related News