ਸਕਾਟਲੈਂਡ ''ਚ ਆਨਲਾਈਨ ਕੀਤੀ ਜਾ ਰਹੀ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ

Sunday, May 23, 2021 - 12:06 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਦੁਨੀਆ ਭਰ ਵਿੱਚ ਜਿੱਥੇ ਇੰਟਰਨੈੱਟ ਦੀ ਵਰਤੋਂ ਮਾਨਵਤਾ ਦੀ ਭਲਾਈ ਦੇ ਕੰਮਾਂ ਲਈ ਕੀਤੀ ਜਾਂਦੀ ਹੈ, ਉੱਥੇ ਹੀ ਕਈ ਲੋਕਾਂ ਦੁਆਰਾ ਆਪਣੇ ਫਾਇਦੇ ਲਈ ਇਸ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਹੈ। ਅੱਜਕੱਲ੍ਹ ਇੰਟਰਨੈੱਟ ਦੀ ਮਦਦ ਨਾਲ ਕਈ ਸ਼ੋਸ਼ਲ ਮੀਡੀਆ ਐਪਲੀਕੇਸ਼ਨਾਂ ਦੀ ਵਰਤੋਂ ਭੋਜਨ ਆਦਿ ਦੀ ਡਲਿਵਰੀ ਲਈ ਕੀਤੀ ਜਾਂਦੀ ਹੈ, ਉੱਥੇ ਹੀ ਸਕਾਟਲੈਂਡ ਵਿੱਚ ਨਸ਼ਾ ਤਸਕਰਾਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਨਸ਼ਿਆਂ ਦੀ ਤਸਕਰੀ ਕਰਨ ਲਈ ਕੀਤੀ ਜਾਂਦੀ ਹੈ। 

PunjabKesari

ਸਕਾਟਲੈਂਡ ਵਿੱਚ ਨਸ਼ਾ ਤਸਕਰੀ ਗੈਂਗ ਕੋਕੀਨ, ਭੰਗ ਆਦਿ ਦੇ ਆਫਰਾਂ ਦੀ ਪੇਸ਼ਕਸ਼ ਅਪਲੋਡ ਕਰ ਰਹੇ ਹਨ ਅਤੇ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਕਰਨ ਲਈ 20 ਪੌਂਡ ਪ੍ਰਤੀ ਘੰਟੇ ਦੀ ਅਦਾਇਗੀ ਕਰ ਰਹੇ ਹਨ। ਇਸ ਕੰਮ ਲਈ ਸਕਾਟਲੈਂਡ ਵਿੱਚ ਦਰਜਨਾਂ ਸਨੈਪਚੈਟ ਅਤੇ ਇੰਸਟਾਗ੍ਰਾਮ ਅਕਾਉਂਟ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਘੱਟੋ ਘੱਟ ਸੱਤ ਗਲਾਸਗੋ ਵਿੱਚ ਹਨ ਅਤੇ ਐਡਿਨਬਰਾ ਵਿੱਚ ਵੀ ਇਹ ਗਿਰੋਹ ਸਰਗਰਮ ਹੈ। ਆਨਲਾਈਨ ਪਲੇਟਫਾਰਮ 'ਤੇ ਨਸ਼ੀਲੇ ਪਦਾਰਥਾਂ ਦੇ ਨਾਮ ਬਦਲ ਕੇ ਦੱਸੇ ਜਾਂਦੇ ਹਨ। ਜਿਵੇਂ ਕਿ ਭੰਗ ਲਈ ਤਰਬੂਜ ਦਾ ਨਾਮ ਪੇਸ਼ ਕੀਤਾ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਦੌਰਾਨ ਭਾਰਤ ਲਈ ਭੇਜੀ ਮੈਡੀਕਲ ਸਹਾਇਤਾ

ਇਸਦੇ ਇਲਾਵਾ ਐਪਲੀਕੇਸ਼ਨਾਂ ਵਿੱਚਲੇ ਇਮੋਜੀ ਨੂੰ ਕੋਡ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਜਿਸ ਵਿੱਚ ਨੱਕ ਨੂੰ ਕੋਕੀਨ ਅਤੇ ਭੰਗ ਨੂੰ ਪੱਤਿਆਂ ਦੁਆਰਾ ਦਰਸਾਇਆ ਜਾਂਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਵਿੱਚ ਪ੍ਰਤੀ ਗ੍ਰਾਮ ਕੋਕੀਨ ਦੀ ਕੀਮਤ 90 ਪੌਂਡ, 50 ਨਸ਼ੀਲੀਆਂ ਗੋਲੀਆਂ ਲਈ 200 ਪੌਂਡ ਲਏ ਜਾਂਦੇ ਹਨ। ਇੰਸਟਾਗ੍ਰਾਮ ਅਨੁਸਾਰ ਉਸ ਕੋਲ ਇਸ ਤਰ੍ਹਾਂ ਦੀਆਂ ਅਪਰਾਧਿਕ ਕਾਰਵਾਈਆਂ ਕਰਨ ਵਾਲੇ ਲੋਕਾਂ ਦੀਆਂ ਪੋਸਟਾਂ ਨੂੰ ਹਟਾਉਣ ਲਈ ਇੱਕ ਸਿਖਲਾਈ ਪ੍ਰਾਪਤ ਟੀਮ ਹੈ। ਪੁਲਸ ਸਕਾਟਲੈਂਡ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਵੀ ਅਜਿਹੀਆਂ ਕਾਰਵਾਈਆਂ 'ਤੇ ਡੂੰਘੀ ਨਜ਼ਰ ਰੱਖਦਿਆਂ ਆਪਣਾ ਕੰਮ ਕਰ ਰਹੀ ਹੈ।


Vandana

Content Editor

Related News