ਸਕਾਟਲੈਂਡ : ਕੇਅਰ ਹੋਮ ਦੇ ਵਸਨੀਕਾਂ ਦੀ ਕੋਰੋਨਾ ਕਾਰਨ ਹੋਈ ਮੌਤ ਤੋਂ ਬਾਅਦ ਹੋਇਆ ਲਾਇਸੈਂਸ ਰੱਦ

Wednesday, Dec 23, 2020 - 02:43 PM (IST)

ਸਕਾਟਲੈਂਡ : ਕੇਅਰ ਹੋਮ ਦੇ ਵਸਨੀਕਾਂ ਦੀ ਕੋਰੋਨਾ ਕਾਰਨ ਹੋਈ ਮੌਤ ਤੋਂ ਬਾਅਦ ਹੋਇਆ ਲਾਇਸੈਂਸ ਰੱਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਕੇਅਰ ਹੋਮਜ਼ ਨੇ ਇਸ ਸਾਲ ਮਹਾਮਾਰੀ ਸੰਕਟ ਦੌਰਾਨ ਬਜੁਰਗਾਂ ਦੀ ਦੇਖਭਾਲ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਇਸ ਦੌਰਾਨ ਕਈ ਦੇਖਭਾਲ ਘਰਾਂ ਦੇ ਵਸਨੀਕਾਂ ਨੇ ਆਪਣੀ ਜਾਨ ਵੀ ਗਵਾਈ ਹੈ। ਕੇਅਰ ਹੋਮਜ਼ ਵਿੱਚ ਹੁੰਦੀਆਂ ਮੌਤਾਂ ਦੇ ਇਕ ਮਾਮਲੇ 'ਚ ਸਕਾਟਲੈਂਡ ਦੇ ਇਕ ਦੇਖਭਾਲ ਘਰ ਵਿਚ, ਇਸ ਦੇ ਲਗਭਗ ਅੱਧੇ ਵਸਨੀਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਲਾਇਸੈਂਸ ਮੁਅੱਤਲ ਕੀਤਾ ਗਿਆ ਹੈ। 

ਕੋਰੋਨਾ ਵਾਇਰਸ ਮਹਾਮਾਰੀ ਕਾਰਨ 15 ਵਸਨੀਕਾਂ ਦੀ ਮੌਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਐਡਿਨਬਰਾ ਸ਼ੈਰਿਫ ਕੋਰਟ ਨੇ ਮਿਡਲੋਥੀਅਨ ਦੇ ਲੋਨਹੈੱਡ ਵਿਚ ਰਿਹਾਇਸ਼ੀ ਦੇਖਭਾਲ ਘਰ ਥੋਰਨਲੀਆ ਨਰਸਿੰਗ ਹੋਮ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਸ ਸੰਬੰਧੀ ਕੇਅਰ ਇੰਸਪੈਕਟਰ ਨੇ ਪਬਲਿਕ ਸਰਵਿਸਿਜ਼ ਰਿਫਾਰਮ (ਸਕਾਟਲੈਂਡ) ਐਕਟ 2010 ਦੀ ਧਾਰਾ 65 (3) ਦੇ ਅਧੀਨ ਕੇਅਰ ਸਰਵਿਸ ਦੀ ਰਜਿਸਟਰੇਸ਼ਨ ਨੂੰ ਰੋਕਦਿਆਂ ਅੰਤਰਿਮ ਆਦੇਸ਼ ਦੀ ਮੰਗ ਕੀਤੀ ਸੀ।

ਇਸ ਕੇਅਰ ਹੋਮ ਵਿੱਚ ਅਜੇ ਵੀ ਤਕਰੀਬਨ 14 ਨਿਵਾਸੀਆਂ ਦੇ ਰਹਿਣ ਕਾਰਨ ਇਸ ਦੀ ਮੁਅੱਤਲੀ 18 ਜਨਵਰੀ ਤੱਕ ਲਾਗੂ ਨਹੀਂ ਹੋਵੇਗੀ ਅਤੇ ਇਹ 14 ਨਿਵਾਸੀ ਮਿਡਲੋਥੀਅਨ ਹੈਲਥ ਐਂਡ ਸੋਸ਼ਲ ਕੇਅਰ ਪਾਰਟਨਰਸ਼ਿਪ (ਐੱਚ. ਸੀ. ਐੱਸ. ਪੀ.) ਰਾਹੀਂ ਕਿਸੇ ਹੋਰ ਜਗ੍ਹਾ ਭੇਜਣ ਦੀ ਪ੍ਰਕਿਰਿਆ ਵਿਚ ਹਨ। ਅਧਿਕਾਰੀ ਲੋਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਮੁਅੱਤਲੀ ਕੇਸ ਅਦਾਲਤ ਵਿਚ ਦਾਇਰ ਕਰਨ ਸਮੇਂ ਛੇ ਨਿਵਾਸੀਆਂ ਦੀ ਮੌਤ ਕੋਰੋਨਾਂ ਵਾਇਰਸ ਕਾਰਨ ਹੋਈ ਸੀ ਪਰ ਦਸੰਬਰ ਦੀ ਸ਼ੁਰੂਆਤ ਤੱਕ ਇਹ ਗਿਣਤੀ ਵਧ ਕੇ 15 ਤੱਕ ਪਹੁੰਚ ਗਈ ਸੀ। ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਅਤੇ ਇਸ ਸੰਬੰਧੀ ਇਕ ਨਿਰੀਖਣ ਰਿਪੋਰਟ ਵੀ ਨਿਰਧਾਰਤ ਸਮੇਂ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।


author

Lalita Mam

Content Editor

Related News