ਸਕਾਟਲੈਂਡ ਦੀ ਨਾਮੀ ਸੰਸਥਾ "ਮੇਲ ਮਿਲਾਪ" ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ

Monday, Aug 31, 2020 - 04:47 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਸੰਕਟ ਦੌਰਾਨ ਹੋ ਰਹੀਆਂ ਮੌਤਾਂ ਜਦੋਂ ਸਿਖਰ 'ਤੇ ਸਨ ਤਾਂ ਸਹਿਮ ਦੇ ਮਾਰੇ ਆਮ ਲੋਕ ਪੈਰ ਵੀ ਘਰੋਂ ਬਾਹਰ ਨਹੀਂ ਰੱਖ ਰਹੇ ਸਨ। ਅਜਿਹੇ ਮਾਹੌਲ ਵਿੱਚ ਸਰਕਾਰੀ ਤੌਰ 'ਤੇ ਕੀਤੀ ਤਾਲਾਬੰਦੀ ਨੇ ਆਮ ਲੋਕਾਂ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ। ਇਕੱਲੇ ਰਹਿੰਦੇ ਬਜ਼ੁਰਗਾਂ, ਤੁਰਨੋਂ ਫਿਰਨੋਂ ਅਸਮਰੱਥ ਲੋਕਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਆਦਿ ਨੂੰ ਨਿੱਤ ਵਰਤੋਂ ਦੀਆਂ ਵਸਤਾਂ ਘਰਾਂ ਦੀਆਂ ਦੇਹਲੀਆਂ 'ਤੇ ਪਹੁੰਚਾਉਣ ਦੀ ਸੇਵਾ ਸਮਾਜਸੇਵੀ ਸੰਸਥਾਵਾਂ ਨੇ ਆਪਣੇ ਸਿਰ ਲਈ। ਸਕਾਟਲੈਂਡ ਦੇ ਸਹਿਰ ਗਲਾਸਗੋ ਸਥਿਤ ਸੰਸਥਾ ਮੇਲ ਮਿਲਾਪ ਵੱਲੋਂ ਸੁੱਕੀਆਂ ਰਸਦਾਂ, ਬਣਾ ਕੇ ਤਿਆਰ ਕੀਤਾ ਭੋਜਨ ਨਿਰੰਤਰ ਆਪਣੇ ਅਣਥੱਕ ਸੇਵਾਦਾਰਾਂ ਦੀ ਮਦਦ ਨਾਲ ਪਹੁੰਚਾਇਆ ਜਾਂਦਾ ਰਿਹਾ। 

ਉਹਨਾਂ ਸੇਵਾਦਾਰਾਂ ਨੂੰ ਧੰਨਵਾਦ ਕਹਿਣ ਅਤੇ ਉਹਨਾਂ ਦੀਆਂ ਨਿਸ਼ਕਾਮ ਸੇਵਾਵਾਂ ਦੀ ਪ੍ਰਸੰਸਾ ਕਰਨ ਹਿਤ ਸਨਮਾਨ ਸਮਾਰੋਹ ਦਾ ਆਯੋਜਨ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਐਲਬਰਟ ਡਰਾਈਵ ਵਿਖੇ ਕੀਤਾ ਗਿਆ। ਸਮਾਗਮ ਦੇ ਸ਼ੁਰੂਆਤੀ ਬੋਲਾਂ ਦੌਰਾਨ ਮੇਲ ਮਿਲਾਪ ਦੇ ਮੁੱਖ ਸੇਵਾਦਾਰ ਅਨੂਪ ਵਾਲੀਆ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਰਦਿਕ ਧੰਨਵਾਦ ਕੀਤਾ ਜਿਹਨਾਂ ਨੇ ਸੇਵਾ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਾਥ ਦਿੱਤਾ। ਸੰਤੋਖ ਸਿੰਘ ਸੋਹਲ ਤੇ ਗੁਰਮੇਲ ਸਿੰਘ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਔਖੀ ਘੜੀ ਵਿੱਚ ਲੋਕਾਂ ਦੀ ਸੇਵਾ ਕਰਨਾ ਉਹਨਾਂ ਦਾ ਪਰਮ ਧਰਮ ਸੀ ਤੇ ਸੰਸਥਾ ਆਪਣੇ ਲੋਕ ਭਲਾਈ ਦੇ ਕਾਰਜ ਹੋਰ ਵਧੇਰੇ ਊਰਜਾ ਨਾਲ ਕਰਦੀ ਰਹੇਗੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਅੱਤਵਾਦੀ ਕਾਰਵਾਈਆਂ 'ਚ ਸ਼ਾਮਿਲ ਬੇਲਾਲ ਸਾਦ-ਅੱਲਾਹ ਹੋਇਆ ਰਿਹਾਅ

ਇਸ ਸਮੇਂ 35 ਦੇ ਲਗਭਗ ਸੇਵਾਦਾਰਾਂ ਨੂੰ ਪ੍ਰਸੰਸਾ ਪੱਤਰ ਭੇਂਟ ਕਰਨ ਦੀ ਰਸਮ ਗਲਾਸਗੋ ਸਿਟੀ ਕੌਂਸਲ ਦੇ ਡਿਪਟੀ ਲੀਡਰ ਕੌਂਸਲਰ ਡੇਵਿਡ ਮੈਕਡਾਨਲਡ ਨੇ ਕੀਤੀ। ਉਹਨਾਂ ਨੇ ਕਿਹਾ ਕਿ ਸਕਾਟਿਸ਼ ਸਿੱਖ ਭਾਈਚਾਰਾ ਸਕਾਟਲੈਂਡ ਦਾ ਮਾਣ ਹੈ। ਭਾਈਚਾਰੇ ਦੇ ਮਾਣਮੱਤੇ ਕਾਰਜਾਂ ਨੇ ਵਿਸ਼ਵ ਭਰ ਵਿੱਚ ਸਕਾਟਲੈਂਡ ਦਾ ਨਾਂ ਉੱਚਾ ਕੀਤਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੁਭਾਇਆ ਸਿੰਘ ਮਹਿਮੀ ਤੇ ਦਲਜੀਤ ਸਿੰਘ ਦਿਲਬਰ ਨੇ ਹਾਜਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਭਾਈ ਹਰਪਾਲ ਸਿੰਘ, ਕਵਲਦੀਪ ਸਿੰਘ, ਕੈਸ਼ ਟਾਕ, ਮੱਖਣ ਸਿੰਘ, ਦਲਜੀਤ ਕੌਰ, ਸ਼ਿੰਦੋ ਕੌਰ, ਰੇਸ਼ਮ ਸਿੰਘ, ਸੰਨੀ ਸਿੰਘ, ਮਨਦੀਪ ਸਿੰਘ ਸਮੇਤ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।


Vandana

Content Editor

Related News