ਸਕਾਟਲੈਂਡ: ਸਿਹਤ ਅਤੇ ਸਮਾਜਿਕ ਦੇਖ਼ਭਾਲ ਕਰਮਚਾਰੀਆਂ ਦੀ ਹੋਵੇਗੀ 8 ਮਿਲੀਅਨ ਪੌਂਡ ਦੇ ਫੰਡ ਨਾਲ ਸਹਾਇਤਾ
Tuesday, Jun 29, 2021 - 05:49 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਵਿਚ 8 ਮਿਲੀਅਨ ਪੌਂਡ ਕੋਰੋਨਾ ਮਹਾਮਾਰੀ ਵਿਚ ਲੋਕਾਂ ਦੀ ਸੇਵਾ ਕਰਨ ਵਾਲੇ ਸਿਹਤ ਅਤੇ ਸਮਾਜਿਕ ਦੇਖ਼ਭਾਲ ਕਰਮਚਾਰੀਆਂ ਦੀ ਤੰਦਰੁਸਤੀ ਲਈ ਖ਼ਰਚ ਕੀਤੇ ਜਾਣਗੇ। 8 ਮਿਲੀਅਨ ਪੌਂਡ ਦੇ ਇਹ ਫੰਡ ਪਿਛਲੇ ਸਾਲ ਦੇ ਬਜਟ ਨਾਲੋਂ 3 ਮਿਲੀਅਨ ਪੌਂਡ ਜ਼ਿਆਦਾ ਹਨ, ਜੋ ਕਿ ਸਿਹਤ ਕਰਮਚਾਰੀਆਂ ਦੀਆਂ ਬੁਨਿਆਦੀ, ਵਿਹਾਰਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵਰਤੇ ਜਾਣਗੇ।
ਇਸ ਦੇ ਇਲਾਵਾ ਇਸ ਫੰਡ ਨੂੰ ਲੋੜ ਪੈਣ 'ਤੇ ਕਰਮਚਾਰੀਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਅਤੇ ਇਲਾਜ ਲਈ ਵੀ ਖ਼ਰਚਿਆ ਜਾਵੇਗਾ। ਸਕਾਟਲੈਂਡ ਦੀ ਸਰਕਾਰ ਅਨੁਸਾਰ ਇਸ ਫੰਡ ਦੀ ਸਹਾਇਤਾ ਨਾਲ ਇਕ ਰਾਸ਼ਟਰੀ ਤੰਦਰੁਸਤੀ ਕੇਂਦਰ ਦੀ ਸਿਰਜਣਾ ਹੋਵੇਗੀ, ਜਿਸ ਵਿਚ ਇਕ ਹੈਲਪਲਾਈਨ, ਸਟਾਫ਼ ਵੱਲੋਂ ਟੀਮ ਦੇ ਤੌਰ 'ਤੇ ਇਕ-ਦੂਜੇ ਦੀ ਸਹਾਇਤਾ ਲਈ ਸਿਖਲਾਈ ਅਤੇ ਆਰਾਮ ਲਈ ਸਥਾਨ ਵੀ ਸ਼ਾਮਲ ਹੋਣਗੇ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ਼ ਨੇ ਕਿਹਾ ਕਿ ਸਿਹਤ ਅਤੇ ਸਮਾਜਿਕ ਦੇਖ਼ਭਾਲ ਸਟਾਫ਼ ਨੇ ਮਹਾਮਾਰੀ ਦੌਰਾਨ ਮੁਸ਼ਕਲ ਸਥਿਤੀਆਂ ਵਿਚ ਵੀ ਲੋਕਾਂ ਦੀ ਮਦਦ ਕੀਤੀ ਹੈ। ਇਸ ਲਈ ਸਟਾਫ਼ ਦੀ ਤੰਦਰੁਸਤੀ ਸਰਕਾਰ ਦੀ ਇਕ ਮਹੱਤਵਪੂਰਣ ਪਹਿਲ ਹੈ, ਜਿਸ ਦੇ ਤਹਿਤ ਇਹ 8 ਮਿਲੀਅਨ ਦਾ ਪੈਕੇਜ ਸਿਹਤ ਵਿਭਾਗ ਦੇ ਸਟਾਫ਼ ਦੀਆਂ ਮੁੱਢਲੀਆਂ, ਵਿਹਾਰਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ।
ਇਸ ਦੇ ਇਲਾਵਾ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ.ਐੱਮ.ਏ.) ਸਕਾਟਲੈਂਡ ਦੇ ਚੇਅਰਮੈਨ ਲੇਵਿਸ ਮੌਰਿਸਨ ਅਨੁਸਾਰ ਸਕਾਟਲੈਂਡ ਦੇ ਡਾਕਟਰ ਅਤੇ ਐੱਨ. ਐੱਚ. ਐੱਸ. ਸਟਾਫ਼ ਮਹਾਮਾਰੀ ਦੌਰਾਨ ਬਹੁਤ ਹੀ ਮੁਸ਼ਕਲ ਸਮੇਂ ਵਿੱਚੋਂ ਲੰਘੇ ਹਨ, ਇਸ ਲਈ ਉਨ੍ਹਾਂ ਦੀ ਤੰਦਰੁਸਤੀ ਲਈ ਬਜਟ ਦੇ ਇਸ ਵਾਧੂ ਨਿਵੇਸ਼ ਦਾ ਫ਼ੈਸਲਾ ਸਵਾਗਤਯੋਗ ਹੈ।