ਸਕਾਟਲੈਂਡ: 2022 ਤੱਕ ਵਧਾਏ ਜਾ ਸਕਦੇ ਹਨ ਐਮਰਜੈਂਸੀ ਕੋਰੋਨਾ ਕਾਨੂੰਨ
Thursday, Jun 10, 2021 - 05:20 PM (IST)
ਗਲਾਸਗੋ (ਮਨਦੀਪ ਖੁਰਮੀ ਖੁਰਮੀ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਲਾਗੂ ਕੀਤੇ ਗਏ ਕੁਝ ਐਮਰਜੈਂਸੀ ਕਾਨੂੰਨਾਂ ਵਿੱਚ ਇੱਕ ਸਾਲ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ। ਸਕਾਟਲੈਂਡ ਦੀ ਸਰਕਾਰ ਦੁਆਰਾ ਇਸ ਸਬੰਧੀ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਜੋ ਕਿ ਕੋਰੋਨਾ ਕਾਨੂੰਨਾਂ ਦੀ ਮਿਆਦ ਵਿੱਚ ਵਾਧਾ ਕਰੇਗਾ। ਸਕਾਟਲੈਂਡ ਵਿੱਚ ਐਮ ਐਸ ਪੀਜ਼ ਨੇ ਪਿਛਲੇ ਸਾਲ ਦੋ ਐਮਰਜੈਂਸੀ ਕੋਰੋਨਾ ਵਾਇਰਸ ਐਕਟ ਪਾਸ ਕੀਤੇ ਸਨ, ਜਿਸਦਾ ਉਦੇਸ਼ ਦੇਸ਼ ਨੂੰ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਕਰਨਾ ਸੀ। ਇਹਨਾਂ ਨਵੇਂ ਕਾਨੂੰਨਾਂ ਨੇ ਨਿਆਂ ਪ੍ਰਣਾਲੀ ਵਿਚ ਬਦਲਾਅ ਕੀਤਾ ਸੀ, ਜਿਨ੍ਹਾਂ ਵਿੱਚ ਵਾਇਰਸ ਦੁਆਰਾ ਪ੍ਰਭਾਵਿਤ ਕੈਦੀਆਂ ਦੀ ਛੇਤੀ ਰਿਹਾਈ ਦੀ ਆਗਿਆ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : ਆਸਟ੍ਰੇਲੀਆ ਨੇ 'ਸਤੰਬਰ' ਤੱਕ ਵਧਾਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੀ ਮਿਆਦ
ਕੋਵਿਡ ਰਿਕਵਰੀ ਸੈਕਟਰੀ ਜੌਨ ਸਵਿੰਨੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇੱਕ ਨਵੇਂ ਬਿੱਲ 'ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੁਝ ਧਾਰਾਵਾਂ ਅਗਲੇ ਸਾਲ 30 ਮਾਰਚ ਤੱਕ ਵਧਾਈਆਂ ਜਾਣਗੀਆਂ, ਜਿਸ ਲਈ 30 ਸਤੰਬਰ ਤੱਕ ਸੰਸਦ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਇਹਨਾਂ ਕਾਨੂੰਨਾਂ ਵਿੱਚੋਂ ਕੁੱਝ ਨੂੰ ਛੱਡਿਆ ਵੀ ਜਾਵੇਗਾ ਪਰ ਉਹ ਅਜੇ ਦੱਸੇ ਨਹੀਂ ਗਏ ਹਨ। ਜੇਕਰ ਸਕਾਟਲੈਂਡ ਦੀ ਪਾਰਲੀਮੈਂਟ ਦੁਆਰਾ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਿਲਣ ਵਾਲੀਆਂ ਕੁਝ ਰਾਹਤਾਂ ਦੀ ਮਿਆਦ ਵਿੱਚ ਵਾਧਾ ਹੋ ਸਕਦਾ ਹੈ।