ਸਕਾਟਲੈਂਡ: ਐਡਿਨਬਰਾ ਦੇ ਪ੍ਰਮਾਣੂ ਬੰਕਰ ਨੂੰ ਕੀਤਾ ਜਾਵੇਗਾ ਅਜਾਇਬ ਘਰ ''ਚ ਤਬਦੀਲ

Saturday, Feb 19, 2022 - 03:55 PM (IST)

ਸਕਾਟਲੈਂਡ: ਐਡਿਨਬਰਾ ਦੇ ਪ੍ਰਮਾਣੂ ਬੰਕਰ ਨੂੰ ਕੀਤਾ ਜਾਵੇਗਾ ਅਜਾਇਬ ਘਰ ''ਚ ਤਬਦੀਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਵਿਚ ਸ਼ੀਤ ਯੁੱਧ ਦੇ ਇਕ ਗੁਪਤ ਬੰਕਰ ਨੂੰ ਐਡਿਨਬਰਾ ਕੌਂਸਲ ਵੱਲੋਂ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਕ ਅਜਾਇਬ ਘਰ ਵਿਚ ਬਦਲ ਦਿੱਤਾ ਜਾਵੇਗਾ। ਇਹ ਬੰਕਰ ਕਦੇ ਪ੍ਰਮਾਣੂ ਯੁੱਧ ਦੇ ਖ਼ਤਰੇ ਦੇ ਮੱਦੇਨਜ਼ਰ ਸਕਾਟਲੈਂਡ ਦੀ ਰੱਖਿਆ ਲਈ ਪ੍ਰਮੁੱਖ ਸੀ। ਕੋਰਸਟੋਰਫਾਈਨ ਹਿੱਲ ਦੇ ਹੇਠਾਂ ਤਕਰੀਬਨ 100 ਫੁੱਟ 'ਤੇ ਦੱਬਿਆ ਇਹ ਬਾਰਨਟਨ ਕੁਆਰੀ ਬੰਕਰ ਲਗਭਗ 40 ਸਾਲਾਂ ਤੋਂ ਵਰਤੋਂ ਵਿਚ ਨਹੀਂ ਹੈ ਪਰ ਵਾਲੰਟੀਅਰਾਂ ਦੀ ਇਕ ਟੀਮ ਨੇ ਪਿਛਲੇ ਦਹਾਕੇ ਵਿਚ ਇਸ ਨੂੰ ਸਾਫ਼ ਕਰਨ, ਫਿਕਸਿੰਗ ਅਤੇ ਮੁੜ ਵਰਤੋਂ 'ਚ ਲਿਆਉਣ ਲਈ ਸਖ਼ਤ ਮਿਹਨਤ ਕੀਤੀ ਹੈ, ਜਿਸ ਕਾਰਨ ਇਹ ਪਹਿਲੀ ਵਾਰ ਜਨਤਾ ਲਈ ਖੁੱਲ੍ਹਣ ਲਈ ਤਿਆਰ ਹੈ।

1946 ਅਤੇ 1982 ਦੇ ਵਿਚਕਾਰ ਰੂਸ ਤੋਂ ਹਮਲੇ ਦੀ ਸੰਭਾਵਨਾ ਵਧ ਗਈ ਸੀ ਤਾਂ ਇਸ ਬੰਕਰ ਨੂੰ ਸਕਾਟਲੈਂਡ ਦੇ ਸਾਰੇ ਰਾਡਾਰ ਸਟੇਸ਼ਨਾਂ ਲਈ ਆਰ. ਏ. ਐਫ. ਦੇ ਓਪਰੇਸ਼ਨ ਕਮਾਂਡ ਸੈਂਟਰ ਵਜੋਂ ਸਥਾਪਿਤ ਕੀਤਾ ਗਿਆ ਸੀ ਅਤੇ ਸੰਭਾਵੀ ਖ਼ਤਰਿਆਂ ਲਈ ਆਸਮਾਨ ਨੂੰ ਸਕੈਨ ਕਰਨ ਲਈ ਦੇਸ਼ ਭਰ ਤੋਂ ਡਾਟਾ ਇਕੱਠਾ ਕੀਤਾ ਸੀ। ਇਸ ਵਿਚਲੀ ਪੱਥਰ ਦੀ ਖੱਡ 1914 ਤੱਕ ਕੰਮ ਕਰ ਰਹੀ ਸੀ ਅਤੇ 1942 ਤੋਂ ਲੜਾਕੂ ਕਮਾਂਡ ਓਪਰੇਸ਼ਨਾਂ ਲਈ ਵਰਤੀ ਗਈ ਸੀ। ਜਦਕਿ ਪਰਮਾਣੂ ਬੰਕਰ 10 ਸਾਲ ਬਾਅਦ ਬਣਾਇਆ ਗਿਆ ਸੀ। 2011 ਤੋਂ ਸਥਾਨਕ ਵਲੰਟੀਅਰਾਂ ਦੇ ਇਕ ਸਮੂਹ ਨੇ ਬੰਕਰ ਨੂੰ ਇਕ ਅਜਾਇਬ ਘਰ ਵਿਚ ਬਦਲਣ ਅਤੇ ਉਪਰੋਕਤ-ਪੱਧਰੀ ਇਮਾਰਤ ਵਿਚ ਕਾਨਫਰੰਸ ਸੁਵਿਧਾਵਾਂ ਬਣਾਉਣ ਦੇ ਉਦੇਸ਼ ਨਾਲ ਅਣਥੱਕ ਮਿਹਨਤ ਕੀਤੀ ਹੈ।


author

cherry

Content Editor

Related News