ਸਕਾਟਲੈਂਡ : ਗਲਾਸਗੋ ਦੇ ਕੇਅਰ ਹੋਮ ''ਚ ਕੋਵਿਡ ਨੇ ਲਈ 7 ਲੋਕਾਂ ਦੀ ਜਾਨ
Saturday, Nov 07, 2020 - 09:22 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨਾਲ ਸਕਾਟਲੈਂਡ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਗਲਾਸਗੋ ਦੇ ਇਕ ਕੇਅਰ ਹੋਮ ਵਿਚ ਕੋਵਿਡ-19 ਦੇ ਫੈਲਣ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ ਹੈ।
ਸੈਸਨੌਕ ਵਿਚ 90 ਬਿਸਤਰਿਆਂ ਵਾਲੇ ਆਈਲਸਾ ਕਰੈਗ ਕੇਅਰ ਹੋਮ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਹੋਮ ਵਿਚ 49 ਲੋਕਾਂ ਦੇ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਵਾਪਰੀ ਹੈ। ਗਲਾਸਗੋ ਵਿਚ ਬ੍ਰਾਂਡ ਸਟ੍ਰੀਟ ਦੇ ਇਸ ਘਰ ਵਿਚ ਵਾਇਰਸ ਨਾਲ ਪੀੜਤ ਸਟਾਫ ਦੇ 13 ਮੈਂਬਰ ਇਸ ਸਮੇਂ ਇਕਾਂਤਵਾਸ ਵਿਚ ਰਹਿ ਰਹੇ ਹਨ ਜਦਕਿ ਚਾਰ ਹੋਰ ਟੈਸਟ ਅਤੇ ਪ੍ਰੋਟੈਕਟ ਨਾਲ ਸੰਪਰਕ ਕੀਤੇ ਜਾਣ ਤੋਂ ਬਾਅਦ ਅਲੱਗ-ਅਲੱਗ ਹਨ।
ਆਈਲਸਾ ਕਰੇਗ ਕੇਅਰ ਦੇ ਬੁਲਾਰੇ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ। ਕੇਅਰ ਹੋਮ ਦੇ ਅਧਿਕਾਰੀਆਂ ਅਨੁਸਾਰ ਉਹ ਵਸਨੀਕਾਂ ਦੀ ਸਹਾਇਤਾ ਅਤੇ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਅਤੇ ਸਥਾਨਕ ਸਿਹਤ ਟੀਮ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਸਦੇ ਨਾਲ ਹੀ ਕੇਅਰ ਹੋਮ ਨੂੰ ਹਮੇਸ਼ਾਂ ਮੈਡੀਕਲ ਉਪਕਰਣਾਂ ਅਤੇ ਪੀ ਪੀ ਈ ਦੀ ਚੰਗੀ ਤਰ੍ਹਾਂ ਸਪਲਾਈ ਵੀ ਕੀਤੀ ਗਈ ਹੈ ਜੋ ਵਸਨੀਕਾਂ ਅਤੇ ਸਹਿਕਰਮੀਆਂ ਨੂੰ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ।