ਸਕਾਟਲੈਂਡ: ਕੋਰੋਨਾਵਾਇਰਸ ਕਾਰਨ ਮੌਤਾਂ ਨੇ ਪਾਰ ਕੀਤਾ 3,000 ਦਾ ਅੰਕੜਾ
Sunday, Nov 08, 2020 - 12:43 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਮੌਤਾਂ ਦੀ ਗਿਣਤੀ ਨੇ ਇਸ ਖੇਤਰ ਵਿੱਚ 3000 ਦਾ ਅੰਕੜਾ ਛੂਹ ਲਿਆ ਹੈ। ਸਕਾਟਲੈਂਡ ਦੀ ਸਰਕਾਰ ਨੇ ਅਧਿਕਾਰਤ ਪੁਸ਼ਟੀ ਕੀਤੀ ਹੈ ਕਿ 100 ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਆਈ.ਸੀ.ਯੂ. ਵਿਚ ਜੱਦੋ ਜਹਿਦ ਕਰ ਰਹੇ ਹਨ ਅਤੇ 39 ਹੋਰ ਸਕਾਟਿਸ਼ ਲੋਕਾਂ ਦੀ ਇੱਕ ਰਾਤ ਵਿੱਚ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੰਕ੍ਰਮਿਤ ਹੋਏ ਲੋਕਾਂ ਦੀ ਕੁੱਲ ਗਿਣਤੀ ਵੀ 1,596 ਵੱਧ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਸਿੱਖ ਨੇਸ਼ਨਜ਼ ਵੱਲੋਂ ਬਰੈਂਪਟਨ ਵਿਖੇ ਲਾਇਆ ਗਿਆ ਖੂਨਦਾਨ ਕੈਂਪ
ਵਾਇਰਸ ਸੰਬੰਧੀ ਅੰਕੜਿਆਂ ਨੇ ਖੁਲਾਸਾ ਕੀਤਾ ਹੈ ਕਿ ਕੋਵਿਡ ਨਾਲ 106 ਵਿਅਕਤੀ ਗੰਭੀਰ ਦੇਖਭਾਲ ਵਿੱਚ ਹਨ ਜਦਕਿ 1,245 ਲੋਕ ਹਸਪਤਾਲ ਵਿਚ ਸਨ। ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 3,036 ਹੋ ਗਈ ਹੈ।ਪਰ ਇਸ ਦੇ ਉਲਟ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਵਾਇਰਸ ਦੀ ਦੂਜੀ ਲਹਿਰ ਖ਼ਤਮ ਹੋ ਰਹੀ ਹੈ ਕਿਉਂਕਿ ਕੋਵਿਡ ਸਰਵੇਖਣਾਂ ਦੇ ਅੰਕੜਿਆਂ ਮੁਤਾਬਕ, ਰੋਜ਼ਾਨਾ ਦੇ ਨਵੇਂ ਕੇਸ ਘੱਟ ਹੋ ਰਹੇ ਹਨ। ਕਿੰਗਜ਼ ਕਾਲਜ ਲੰਡਨ ਨੇ ਕਿਹਾ ਕਿ ਯੂਕੇ ਦੀ ਆਰ ਦਰ 1.0 ਜਦਕਿ ਸਕਾਟਲੈਂਡ ਵਿਚ ਇਹ 0.9 'ਤੇ ਹੈ ਜਿਸ ਨਾਲ ਮਹਾਮਾਰੀ ਨੂੰ ਖਤਮ ਹੋਣਾ ਚਾਹੀਦਾ ਹੈ।