ਸਕਾਟਲੈਂਡ : ਕੋਰੋਨਾ ਪੀੜਤ MP ਮਾਰਗਰੇਟ ਨੇ ਆਪਣਾ ਅਹੁਦਾ ਛੱਡਣ ਤੋਂ ਕੀਤਾ ਇਨਕਾਰ
Sunday, Oct 11, 2020 - 06:21 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਪੈਸੇ ਅਤੇ ਸਰਕਾਰੀ ਅਹੁਦੇ ਦਾ ਮੋਹ ਹਰ ਵਿਅਕਤੀ ਨੂੰ ਹੁੰਦਾ ਹੈ ਅਤੇ ਜੇਕਰ ਇਹ ਅਹੁਦਾ ਦੇਸ਼ ਦੀ ਸੰਸਦ ਵਿੱਚ ਹੋਵੇ ਤਾਂ ਫਿਰ ਗੱਲ ਹੀ ਵੱਖਰੀ ਹੈ। ਅਜਿਹੀ ਹੀ ਇਕ ਮਿਸਾਲ ਸਕਾਟਲੈਂਡ ਦੀ ਮਹਿਲਾ ਸੰਸਦ ਮੈਂਬਰ ਨੇ ਕਾਇਮ ਕੀਤੀ ਹੈ। ਇਸ ਮਾਮਲੇ ਵਿਚ ਐੱਸ. ਐੱਨ. ਪੀ. ਦੀ ਸੰਸਦ ਮੈਂਬਰ ਮਾਰਗਰੇਟ ਫੇਰੀਅਰ ਨੇ ਕੋਰੋਨਾ ਪੀੜਤ ਹੁੰਦਿਆਂ ਹੋਇਆ ਵੀ 800 ਮੀਲ ਦੀ ਯਾਤਰਾ ਬਾਰੇ ਖੁਲਾਸਾ ਹੋਣ ਦੇ ਬਾਵਜੂਦ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਕੋਵਿਡ ਪ੍ਰਭਾਵਤ ਟੈਸਟ ਕੀਤੇ ਜਾਣ ਦੇ ਬਾਵਜੂਦ ਟਰੇਨ ਰਾਹੀਂ ਗਲਾਸਗੋ ਤੋਂ ਲੰਡਨ ਦੀ ਯਾਤਰਾ ਕੀਤੀ ਸੀ। ਇੰਨਾ ਹੀ ਨਹੀਂ ਅਗਲੇ ਦਿਨ ਰੇਲ ਗੱਡੀ ਰਾਹੀਂ ਸਕਾਟਲੈਂਡ ਦੀ ਵਾਪਸੀ ਲਈ ਵੀ ਯਾਤਰਾ ਕੀਤੀ ਸੀ। ਇਸ ਮਾਮਲੇ ਵਿਚ ਰਦਰਗਲੈਨ ਅਤੇ ਹੈਮਿਲਟਨ ਵੈਸਟ ਦੀ ਇਸ ਸੰਸਦ ਮੈਂਬਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਅਹੁਦਾ ਛੱਡਣ ਦੀ ਮੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਖ਼ਾਸਕਰ ਪਾਰਟੀ ਦੀ ਨੇਤਾ ਨਿਕੋਲਾ ਸਟਾਰਜਨ ਨੇ ਵੀ ਕਿਹਾ ਸੀ ਕਿ ਫੇਰੀਅਰ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਪਰ ਫੇਰੀਅਰ ਸਭ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਆਪਣੀ 82,000 ਪੌਂਡ ਦੀ ਸੰਸਦ ਦੀ ਨੌਕਰੀ ਕਰੇਗੀ, ਜਿਸ ਵਿਚ ਇਕ ਬੰਪਰ ਪੈਨਸ਼ਨ ਪੈਕੇਜ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਇਸ ਸੰਸਦ ਮੈਂਬਰ ਨੇ ਸ਼ਨੀਵਾਰ, 26 ਸਤੰਬਰ ਨੂੰ ਵਾਇਰਸ ਦੇ ਹਲਕੇ ਲੱਛਣਾਂ ਦਾ ਅਨੁਭਵ ਕਰਨ ਤੋਂ ਬਾਅਦ ਕੋਰੋਨਾ ਟੈਸਟ ਕੀਤਾ ਸੀ ਪਰ ਫਿਰ ਇਕਾਂਤਵਾਸ ਹੋਣ ਦੀ ਬਜਾਏ ਉਹ ਸੋਮਵਾਰ ਸਵੇਰੇ ਰੇਲ ਰਾਹੀਂ ਗਲਾਸਗੋ ਤੋਂ ਵੈਸਟਮਿਨਸਟਰ ਗਈ ਸੀ ਜਦਕਿ ਸਕਾਟਲੈਂਡ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਰੂ ਵਾਇਰਸ ਦੇ ਲੱਛਣਾਂ ਵਾਲੇ ਨੂੰ ਆਪਣਾ ਘਰ ਨਹੀਂ ਛੱਡਣਾ ਚਾਹੀਦਾ ਪਰ ਇਸ ਸਭ ਦੇ ਉਲਟ 60 ਸਾਲਾ ਫੇਰੀਅਰ ਅਨੁਸਾਰ ਉਹ ਆਪਣੇ ਕੰਮ ਲਈ ਸਖ਼ਤ ਮਿਹਨਤ ਕਰ ਰਹੀ ਹੈ।