ਸਕਾਟਲੈਂਡ: ਸੋਮਵਾਰ ਤੋਂ ਵੱਡੇ ਪੈਮਾਨੇ ''ਤੇ ਬਾਹਰੀ ਸਮਾਗਮਾਂ ਸਬੰਧੀ ਕੋਵਿਡ ਨਿਯਮਾਂ ''ਚ ਮਿਲੇਗੀ ਢਿੱਲ
Wednesday, Jan 12, 2022 - 04:16 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਮਹਾਮਾਰੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਵੱਡੇ ਪੱਧਰ 'ਤੇ ਬਾਹਰੀ ਭੀੜ ਭੜੱਕੇ ਵਾਲੇ ਸਮਾਗਮਾਂ 'ਤੇ ਲਗਾਈਆਂ ਪਾਬੰਦੀਆਂ ਸੋਮਵਾਰ ਤੋਂ ਹਟਾ ਦਿੱਤੀਆਂ ਜਾਣਗੀਆਂ, ਜਿਸ ਨਾਲ ਖੇਡ ਸਟੇਡੀਅਮ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ। ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਬਾਹਰੀ ਜਨਤਕ ਸਮਾਗਮਾਂ ਵਿਚ ਭੀੜ ਨੂੰ 500 ਤੱਕ ਸੀਮਤ ਕੀਤਾ ਹੋਇਆ ਸੀ, ਹੁਣ ਇਸ ਪਾਬੰਦੀ ਨੂੰ ਹਟਾਇਆ ਜਾ ਸਕਦਾ ਹੈ।
ਮੰਗਲਵਾਰ ਨੂੰ ਕੀਤੇ ਐਲਾਨ ਵਿਚ ਕਿਹਾ ਗਿਆ ਹੈ ਕਿ 1000 ਜਾਂ ਇਸ ਤੋਂ ਵੱਧ ਲੋਕਾਂ ਦੇ ਵੱਡੇ ਸਮਾਗਮਾਂ ਦੇ ਆਯੋਜਕਾਂ ਨੂੰ ਮੌਜੂਦਾ 20 ਫ਼ੀਸਦੀ ਦੀ ਬਜਾਏ ਘੱਟੋ-ਘੱਟ 50 ਫ਼ੀਸਦੀ ਲੋਕਾਂ ਦੇ ਵੈਕਸੀਨ ਪਾਸਪੋਰਟ ਦੀ ਜਾਂਚ ਕਰਨੀ ਚਾਹੀਦੀ ਹੈ। ਸਟਰਜਨ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਇਰਾਦਾ 24 ਜਨਵਰੀ ਤੋਂ ਇਨਡੋਰ ਲਾਈਵ ਇਵੈਂਟਸ, ਪ੍ਰਾਹੁਣਚਾਰੀ ਵਿਚ ਟੇਬਲ ਸੇਵਾ ਅਤੇ ਇਨਡੋਰ ਪਬਲਿਕ ਵਿਚ ਦੂਰੀ ਦੀਆਂ ਸੀਮਾਵਾਂ ਨੂੰ ਹਟਾਉਣਾ ਹੈ। ਅੰਦਰੂਨੀ ਜਨਤਕ ਸਮਾਗਮਾਂ ਦੀ ਗਿਣਤੀ ਵਰਤਮਾਨ ਵਿਚ 100 ਖੜ੍ਹੇ ਜਾਂ 200 ਬੈਠਣ ਤੱਕ ਸੀਮਿਤ ਹੈ ਪਰ ਇਹ ਪਾਬੰਦੀਆਂ ਨਿੱਜੀ ਸਮਾਗਮਾਂ ਜਿਵੇਂ ਕਿ ਵਿਆਹਾਂ 'ਤੇ ਲਾਗੂ ਨਹੀਂ ਹੁੰਦੀਆਂ ਹਨ।