ਸਕਾਟਲੈਂਡ ਦੇ ਕਾਰੋਬਾਰੀ ਮਾਲਕ ਕਰ ਰਹੇ ਹਨ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ
Friday, Jan 22, 2021 - 02:58 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਨੇ ਲੋਕਾਂ ਦੀਆਂ ਜਾਨਾਂ ਲੈਣ ਦੇ ਨਾਲ ਵੱਡੀ ਪੱਧਰ 'ਤੇ ਆਰਥਿਕ ਨੁਕਸਾਨ ਵੀ ਕੀਤਾ ਹੈ। ਕੋਰੋਨਾ ਵਾਇਰਸ ਕਾਰਨ ਲਾਗੂ ਕੀਤੀਆਂ ਪਾਬੰਦੀਆਂ ਨੇ ਸੈਂਕੜੇ ਹੀ ਲੋਕਾਂ ਨੂੰ ਬੇਰੁਜ਼ਗਾਰ ਕਰਨ ਦੇ ਨਾਲ ਕਾਰੋਬਾਰ ਵੀ ਠੱਪ ਕਰ ਦਿੱਤੇ ਹਨ। ਖੇਤਰ ਵਿੱਚ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਕਾਰੋਬਾਰੀ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਸਕਾਟਿਸ਼ ਕਾਰੋਬਾਰੀਆਂ ਦੇ ਸੰਬੰਧ ਵਿੱਚ ਕੀਤੇ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਤਕਰੀਬਨ ਅੱਧੇ ਸਕਾਟਿਸ਼ ਕਾਰੋਬਾਰੀ ਮਾਲਕ ਆਪਣੀ ਮਾਨਸਿਕ ਸਿਹਤ ਪ੍ਰਤੀ ਚਿੰਤਤ ਹਨ। ਇਸ ਸੰਬੰਧੀ ਛੋਟੇ ਕਾਰੋਬਾਰਾਂ ਦੀ ਫੈਡਰੇਸ਼ਨ (ਐਫ ਐਸ ਬੀ) ਦੁਆਰਾ 1,200 ਕੰਪਨੀਆਂ 'ਤੇ ਕੀਤੇ ਅਧਿਐਨ ਵਿੱਚ 40% ਕਾਰੋਬਾਰੀ ਮਾਲਕਾਂ ਦੇ ਆਪਣੀ ਮਾਨਸਿਕ ਸਿਹਤ ਪ੍ਰਤੀ ਚਿੰਤਤ ਹੋਣ ਦੇ ਨਤੀਜੇ ਸਾਹਮਣੇ ਆਏ ਹਨ ਜਦਕਿ 55% ਮਾਲਕ ਆਪਣੇ ਕਾਰੋਬਾਰ ਦੇ ਬਚਾਅ ਬਾਰੇ ਵੀ ਡੂੰਘੀ ਚਿੰਤਾ ਵਿੱਚ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਫੈਲੀ ਨਵੀਂ ਬੀਮਾਰੀ, 1000 ਸੂਰ ਇਨਫੈਕਟਿਡ
ਸਕਾਟਲੈਂਡ ਵਿੱਚ 13 ਤੋਂ 18 ਜਨਵਰੀ ਦੇ ਵਿਚਕਾਰ ਕੀਤੇ ਗਏ ਇਸ ਸਰਵੇਖਣ ਅਨੁਸਾਰ ਤਿੰਨਾਂ ਵਿੱਚੋਂ ਸਿਰਫ ਇੱਕ ਕਾਰੋਬਾਰ (32%) ਆਮ ਵਾਂਗ ਵਪਾਰ ਕਰ ਰਿਹਾ ਹੈ ਅਤੇ ਕਾਰੋਬਾਰਾਂ ਦੇ ਲੱਗਭਗ ਇੰਨੇ ਹੀ ਅਨੁਪਾਤ ਨੂੰ ਸਵੈਇੱਛਤ ਜਾਂ ਕਾਨੂੰਨ ਦੁਆਰਾ ਬੰਦ ਕੀਤਾ ਗਿਆ ਹੈ। ਇਸ ਦੇ ਇਲਾਵਾ ਤਕਰੀਬਨ ਇੱਕ ਤਿਹਾਈ ਬਿਜ਼ਨਸ (33%) ਸੀਮਤ ਢੰਗ ਨਾਲ ਖੁੱਲ੍ਹੇ ਹਨ ਜਦਕਿ ਦੋ ਤਿਹਾਈ ਕਾਰੋਬਾਰ ( 64%) ਵਿਕਰੀ ਅਤੇ ਮੁਨਾਫੇ ਦੇ ਦਬਾਅ ਹੇਠ ਖੁੱਲ੍ਹੇ ਰਹਿਣ ਲਈ ਸੰਘਰਸ਼ ਕਰ ਰਹੇ ਹਨ।ਇਸ ਸਰਵੇਖਣ ਦੇ ਅੰਕੜਿਆਂ ਅਨੁਸਾਰ 30% ਕਾਰੋਬਾਰੀ ਕਰਜ਼ਾ ਮੋੜਨ ਸੰਬੰਧੀ ਮਾਨਸਿਕ ਤਣਾਅ ਵਿੱਚ ਹਨ ਜਦੋਂ ਕਿ 44% ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਬਾਰੇ ਚਿੰਤਤ ਹਨ।
ਸਕਾਟਿਸ਼ ਕਾਰੋਬਾਰੀਆਂ ਵਿਚਕਾਰ ਵਧ ਰਹੇ ਮਾਨਸਿਕ ਤਣਾਅ ਅਤੇ ਸਿਹਤ ਸਮੱਸਿਆਵਾਂ ਦੇ ਮੱਦੇਨਜ਼ਰ ਐਫ ਐਸ ਬੀ ਨੇ ਅਗਲੇ ਵੀਰਵਾਰ ਨੂੰ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਸਕਾਟਲੈਂਡ ਸਰਕਾਰ ਦੇ ਬਜਟ ਤੋਂ ਪਹਿਲਾਂ ਵਿੱਤ ਸਕੱਤਰ ਕੇਟ ਫੋਰਬਜ਼ ਨੂੰ ਇੱਕ ਪੱਤਰ ਰਾਹੀ ਘੱਟੋ ਘੱਟ ਅਗਲੇ ਦੋ ਵਿੱਤੀ ਸਾਲਾਂ ਦੌਰਾਨ ਛੋਟੀਆਂ ਫਰਮਾਂ ਲਈ ਕੋਰੋਨਾ ਵਾਇਰਸ ਨਾਲ ਸਬੰਧਤ ਲਾਗੂ ਕੀਤੀ ਰੇਟ ਰਾਹਤ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਇਲਾਵਾ ਇਸ ਸੰਸਥਾ ਦੁਆਰਾ ਕਾਰੋਬਾਰਾਂ ਦੇ ਮਾਲਕਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਦੇ ਨਾਲ ਸਕਾਟਲੈਂਡ ਦੀ ਸਰਕਾਰ ਨੂੰ ਕਾਰੋਬਾਰਾਂ ਦੇ ਮਾਲਕਾਂ ਅਤੇ ਸਵੈ-ਰੁਜ਼ਗਾਰਦਾਤਾਵਾਂ ਲਈ ਹੋਰ ਸਹਾਇਤਾ ਸੇਵਾਵਾਂ ਨੂੰ ਧਿਆਨ ਵਿੱਚ ਲਿਆਉਣ ਦੀ ਵੀ ਮੰਗ ਕੀਤੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।