ਸਕਾਟਲੈਂਡ: ਟਿੰਡਰ ''ਤੇ ਮਿਲੀ ਔਰਤ ਨੂੰ ਮਿਲਣ ਗਏ ਸੈਨਾ ਦੇ ਜਵਾਨ ਨੂੰ ਕੀਤਾ ਜ਼ਖਮੀ
Friday, Mar 26, 2021 - 01:26 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਐਡਿਨਬਰਾ ਵਿੱਚ ਸ਼ੋਸ਼ਲ ਮੀਡੀਆ ਐਪਲੀਕੇਸ਼ਨ ਟਿੰਡਰ ਦੀ ਵਰਤੋਂ ਕਰਕੇ ਇੱਕ ਸੈਨਾ ਦੇ ਜਵਾਨ ਨੂੰ ਅਗਵਾ ਕਰਨ ਉਪਰੰਤ ਹਮਲਾ ਕਰਕੇ ਜ਼ਖਮੀ ਕਰਨ ਦੀ ਘਟਨਾ ਵਾਪਰੀ ਹੈ। ਇਸ ਮਾਮਲੇ ਵਿੱਚ ਇੱਕ 19 ਸਾਲਾ ਵਿਅਕਤੀ 'ਤੇ ਇਸ ਸਿਪਾਹੀ ਨੂੰ ਕਥਿਤ ਤੌਰ' ਤੇ ਬੰਧਕ ਬਣਾ ਕੇ ਰੱਖਣ ਅਤੇ ਉਸ ਦੇ ਬਾਅਦ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ।
18 ਸਾਲਾ ਸੈਨਿਕ ਕੋਭਾਨ ਮੈਕਲਲੈਂਡ ਦਾ ਜ਼ਖਮੀ ਹੋਣ 'ਤੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜਦੋਂ ਕਿ ਉਸ ਨੂੰ ਕਥਿਤ ਤੌਰ 'ਤੇ ਐਤਵਾਰ ਦੀ ਸਵੇਰ ਅਗਵਾ ਕਰ ਲਿਆ ਗਿਆ ਸੀ। ਕੋਭਾਨ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੇ ਟਿੰਡਰ ਦੀ ਵਰਤੋਂ ਕਰਕੇ ਐਡਿਨਬਰਾ ਦੀ ਇੱਕ ਜਾਇਦਾਦ 'ਚ ਇੱਕ ਔਰਤ ਨਾਲ ਮੁਲਾਕਾਤ ਕਰਨ ਗਿਆ ਸੀ ਪਰ ਜਦੋਂ ਉਹ ਘਰ ਵਿੱਚ ਪਹੁੰਚਿਆ ਤਾਂ ਇੱਕ ਹੋਰ ਵਿਅਕਤੀ ਨੇ ਉਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਬੰਧਕ ਬਣਾ ਲਿਆ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਟੀਕਾਕਰਨ 'ਚ ਵਾਧੇ ਲਈ 10 ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ
ਸਕਾਟਲੈਂਡ ਪੁਲਸ ਨੇ ਇਸ ਘਟਨਾ ਦੀ ਪੁਸ਼ਟੀ ਕਰਦੀਆਂ ਦੱਸਿਆ ਕਿ ਪੁਲਸ ਨੂੰ ਸਵੇਰੇ 6 ਵਜੇ ਤੋਂ ਬਾਅਦ ਐਡਿਨਬਰਾ ਦੀ ਇੱਕ ਜਾਇਦਾਦ ਵਿੱਚ ਬੁਲਾਇਆ ਗਿਆ ਅਤੇ ਸਪੈਸ਼ਲਿਸਟ ਅਧਿਕਾਰੀਆਂ ਨੇ ਸਵੇਰੇ 8.05 ਵਜੇ ਕਾਰਵਾਈ ਕਰਦਿਆਂ, ਇਸ ਸੈਨਿਕ ਨੂੰ ਹਸਪਤਾਲ ਭੇਜਿਆ। ਜਦਕਿ ਇੱਕ ਦੂਸਰਾ ਵਿਅਕਤੀ, ਜਿਸ ਦੀ ਉਮਰ 19 ਸਾਲ ਹੈ, ਨੂੰ ਗ੍ਰਿਫ਼ਤਾਰ ਕਰਕੇ ਇਸ ਘਟਨਾ ਦੇ ਸਬੰਧ ਵਿੱਚ ਦੋਸ਼ ਲਾਇਆ ਗਿਆ ਹੈ। ਕੋਭਾਨ, ਜੋ ਅਸਲ ਵਿੱਚ ਡੌਨਕਾਸਟਰ ਦਾ ਰਹਿਣ ਵਾਲਾ ਸਮਝਿਆ ਜਾਂਦਾ ਹੈ, 16 ਸਾਲ ਦੀ ਉਮਰ ਵਿੱਚ ਫੌਜ 'ਚ ਭਰਤੀ ਹੋ ਗਿਆ ਸੀ। ਇਸ ਘਟਨਾ ਦੇ ਸੰਬੰਧ ਵਿੱਚ ਸਕਾਟਲੈਂਡ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।