ਗਲੋਬਾਲ ਵਾਰਮਿੰਗ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਦਾ ਟੀਚਾ ਤਾਂ ਭੁੱਲ ਹੀ ਜਾਓ
Tuesday, Nov 16, 2021 - 01:53 PM (IST)
ਗਲਾਸਗੋ (ਭਾਸ਼ਾ, ਖੁਰਮੀ)- ਦੁਨੀਆ ਭਰ ਦੇ ਨੇਤਾ ਅਤੇ ਵਾਰਤਾਕਾਰ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚੇ ਨੂੰ ਬਰਕਰਾਰ ਰੱਖਣ ਲਈ ਗਲਾਸਗੋ ਜਲਵਾਯੂ ਸਮਝੌਤੇ ਦੀ ਇਕ ਚੰਗੇ ਸਮਝੌਤੇ ਦੇ ਰੂਪ ਵਿਚ ਪ੍ਰਸ਼ੰਸਾ ਕਰ ਰਹੇ ਹਨ ਪਰ ਕਈ ਵਿਗਿਆਨਕਾਂ ਨੂੰ ਇਸ ਗੱਲ ’ਤੇ ਸ਼ੱਕ ਹੈ ਕਿ ਇਹ ਟੀਚਾ ਕਾਇਮ ਰਹਿ ਸਕੇਗਾ ਜਾਂ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ 1.5 ਡਿਗਰੀ ਸੈਲਸੀਅਸ ਦਾ ਟੀਚਾ ਤਾਂ ਭੁੱਲ ਹੀ ਜਾਓ।
ਧਰਤੀ 2 ਡਿਗਰੀ ਸੈਲਸੀਅਸ ਤਾਪਮਾਨ ਤੋਂ ਜ਼ਿਆਦਾ ਵਦਣ ਦੀ ਦਿਸ਼ਾ ਵਿਚ ਵੱਧ ਰਹੀ ਹੈ। ਅਮਰੀਕਾ ਸਥਿਤ ਪ੍ਰਿੰਸਟਨ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਮਾਈਕਲ ਓਪੇਨਹੀਮ ਨੇ ਕਿਹਾ ਕਿ 1.5 ਡਿਗਰੀ ਸੈਲਸੀਅਸ ਦਾ ਟੀਚਾ ਗਲਾਸਗੋ ਸੰਮੇਲਨ ਤੋਂ ਪਹਿਲਾਂ ਹੀ ਖਤਮ ਹੋਣ ਕੰਢੇ ਸੀ ਅੇਤ ਹੁਣ ਇਸਨੂੰ ਮ੍ਰਿਤਕ ਐਲਾਨ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਗਣਨਾ ਮੁਤਾਬਕ 1.5 ਡਿਗਰੀ ਸੈਲਸੀਅਸ ਦਾ ਟੀਚਾ ਹਾਸਲ ਕਰਨ ਲਈ ਨਿਕਾਸੀ ਨੂੰ 2030 ਤੱਕ ਅੱਧਾ ਕਰਨ ਦੀ ਲੋੜ ਹੈ ਪਰ ਇਹ 2010 ਤੋਂ ਬਾਅਦ ਤੋਂ ਲਗਭਗ 14 ਫੀਸਦੀ ਵਧੀ ਹੈ।
ਜਰਮਨ ਖੋਜਕਾਰ ਹੈਨਸ ਓੱਟੋ ਪੋਰਟਨਰ ਨੇ ਕਿਹਾ ਕਿ ਗਲਾਸਗੋ ਸੰਮੇਲਨ ਵਿਚ ਕੰਮ ਕੀਤਾ ਗਿਆ ਪਰ ਉਚਿਤ ਤਰੱਕੀ ਨਹੀਂ ਹੋਈ। ਵਾਰਮਿੰਗ 2 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਜਾਏਗੀ। ਇਹ ਕੁਦਰਤ, ਮਨੁੱਖੀ ਜੀਵਨ, ਰੋਜ਼ੀ-ਰੋਟੀ, ਰਿਹਾਇਸ਼ ਅਤੇ ਖੁਸ਼ਹਾਰੀ ਲਈ ਖਤਰਾ ਪੈਦਾ ਕਰਨ ਵਾਲੀ ਗੱਲ ਹੈ। ਐੱਮ. ਆਈ. ਟੀ. ਦੇ ਪ੍ਰੋਫੈਸਰ ਜਾਨ ਸਟੇਰਮੈਨ ਨੇ ਕਿਹਾ ਕਿ ਜੇਕਰ ਤੇਲ ਅਤੇ ਗੈਸ ਦੇ ਨਾਲ ਕੋਲੇ ਦੀ ਵਰਤੋਂ ਨੂੰ ਪੜਾਅਬੱਧ ਤਰੀਕੇ ਨਾਲ ਜਲਦੀ ਤੋਂ ਜਲਦੀ ਖਤਮ ਨਹੀਂ ਕੀਤਾ ਗਿਆ ਤਾਂ ਗਲੋਬਲ ਵਾਰਮਿੰਗ ਨੂੰ 1.5 ਜਾਂ 2 ਡਿਗਰੀ ਤੱਕ ਵੀ ਸੀਮਤ ਕਰਨ ਦਾ ਕੋਈ ਵਿਵਹਾਰਿਕ ਤਰੀਕਾ ਮੁਹੱਈਆ ਨਹੀਂ ਹੈ।