ਵਿਗਿਆਨੀਆਂ ਨੂੰ ਮਿਲਿਆ ਜ਼ਮੀਨ ’ਤੇ ਰਹਿਣ ਵਾਲੇ ਸਭ ਤੋਂ ਪਹਿਲੇ ਜਾਨਵਰ ਦਾ ਪਿੰਜਰ

Wednesday, Jun 03, 2020 - 10:50 AM (IST)

ਵਿਗਿਆਨੀਆਂ ਨੂੰ ਮਿਲਿਆ ਜ਼ਮੀਨ ’ਤੇ ਰਹਿਣ ਵਾਲੇ ਸਭ ਤੋਂ ਪਹਿਲੇ ਜਾਨਵਰ ਦਾ ਪਿੰਜਰ

ਲੰਡਨ– ਵਿਗਿਆਨੀਆਂ ਨੂੰ ਸਕਾਟਲੈਂਡ ’ਚ 425 ਮਿਲੀਅਨ ਸਾਲ ਪਹਿਲਾਂ ਰਹੇ ਇਕ ਮਿਲੀਪੀਡ (ਕਨਖਜੂਰੇ ਵਰਗਾ ਜੀਵ) ਦਾ ਪਿੰਜਰ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜ਼ਮੀਨ ’ਤੇ ਰਹਿਣ ਵਾਲੇ ਸਭ ਤੋਂ ਪਹਿਲੇ ਜਾਨਵਰਾਂ ’ਚੋਂ ਇਕ ਸੀ। ਇਸ ਤੋਂ ਬਾਅਦ ਜਾਨਵਰਾਂ ਦਾ ਧਰਤੀ ’ਤੇ ਵਿਕਾਸ ਹੁੰਦਾ ਰਿਹਾ ਹੈ। ਕਾਮਪੈਕਰਿਸ ਓਬਨੇਨਸਿਸ ਨਾਂ ਦੇ ਮਿਲੀਪੀਡ ਦਾ ਪਿੰਜਰ ਸਕਾਟਿਸ਼ ਇਨਰ ਹੇਬ੍ਰੀਡਸ ਦੇ ਕਰੇਰੇ ਟਾਪੂ ’ਚ ਮਿਲਿਆ ਹੈ। ਇਹ ਝੀਲਾਂ ਦੇ ਕੰਢੇ ਸੜਨ ਵਾਲੇ ਬੂਟਿਆਂ ਦੇ ਆਲੇ-ਦੁਆਲੇ ਰਹਿੰਦੇ ਸਨ।

ਅਜਿਹੇ ਹੁੰਦੇ ਸਨ ਕਾਮਪੈਕਰਿਸ

ਇਸੇ ਇਲਾਕੇ ’ਚ ਤਣੇ ਵਾਲੇ ਸਭ ਤੋਂ ਪਹਿਲੇ ਬੂਟੇ ਕੁਕਸੋਨੀਆ ਨੂੰ ਵੀ ਪਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਕਾਮਪੈਕਰਿਸ ਤੋਂ ਪਹਿਲਾਂ ਮਿੱਟੀ ’ਚ ਰਹਿਣ ਵਾਲੇ ਕੀੜੇ ਹੋਇਆ ਕਰਦੇ ਸਨ। ਕਾਮਪੈਕਰਿਸ 2.5 ਸੈਂਟੀਮੀਟਰ ਦੇ ਹੁੰਦੇ ਸਨ ਅਤੇ ਉਨ੍ਹਾਂ ਦਾ ਸਰੀਰ ਖੰਡਿਤ ਹੁੰਦਾ ਸੀ। ਉਹ ਅੱਜ ਪਾਏ ਜਾਣ ਵਾਲੇ ਮਿਲੀਪੀਡਸ ਵਰਗੇ ਹੀ ਸਨ ਪਰ ਇਨ੍ਹਾਂ ਦੇ ਪੂਰਵਜ ਨਹੀਂ ਸਨ। ਪਿੰਜਰ ’ਚ ਇਸ ਦੇ ਪੈਰ ਨਹੀਂ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਆਰਥੋਪੋਡ ਦੀ ਸ਼੍ਰੇਣੀ ’ਚ ਆਉਂਦੇ ਹਨ, ਜਿਨ੍ਹਾਂ ’ਚ ਕੀੜੇ, ਮਕੜੇ, ਕੇਕੜੇ ਆਦਿ ਸਨ।

ਇੰਝ ਵਿਕਸਿਤ ਹੋਇਆ ਜੀਵਨ

ਵਿਗਿਆਨੀਆਂ ਦਾ ਮੰਨਣਾ ਹੈ ਕਿ ਜੀਵਨ ਮਹਾਸਾਗਰਾਂ ਦੇ ਕੋਲ ਹੀ ਵਿਕਸਿਤ ਹੋਣਾ ਸ਼ੁਰੂ ਹੋਇਆ। ਲਗਭਗ 450 ਮਿਲੀਅਨ ਸਾਲ ਪਹਿਲਾਂ ਜੈਵ-ਭਿੰਨਤਾ ਸ਼ੁਰੂ ਹੋਈ। ਪਾਣੀ ਤੋਂ ਜ਼ਮੀਨ ’ਤੇ ਜੀਵਨ ਦੇ ਵਿਕਾਸ ’ਚ ਕਾਫੀ ਸਮਾਂ ਲੱਗਾ ਅਤੇ ਮੌਸ ਵਰਗੇ ਪਲਾਂਟ ਬਣਨੇ ਸ਼ੁਰੂ ਹੋਏ। ਇਸ ਤੋਂ ਬਾਅਦ ਤਣੇ ਵਾਲੇ ਬੂਟੇ ਜਿਵੇਂ ਕੁਕਸੋਨੀਆ ਬਣਨ ਲੱਗੇ ਅਤੇ ਜ਼ਮੀਨ ਦਾ ਇਕੋਸਿਸਟਮ ਗੁੰਝਲਦਾਰ ਹੋਣ ਲੱਗਾ। ਅੱਜ ਦੇ ਰੈਪਟਾਈਲਸ (ਰੇਂਗਣ ਵਾਲੇ ਜੀਵ), ਪੰਛੀਆਂ ਅਤੇ ਥਣਧਾਰੀ ਜੀਵਾਂ ਦੇ ਪੂਰਵਜਾਂ ਦਾ ਵਿਕਾਸ 375 ਮਿਲੀਅਨ ਸਾਲ ਪਹਿਲਾਂ ਸ਼ੁਰੂ ਹੋਇਆ।


author

Lalita Mam

Content Editor

Related News