ਮਾਨਸਿਕ ਤੇ ਸਰੀਰਕ ਸਿਹਤ ਪੱਖੋਂ ਵਧੇਰੇ ਤੰਦਰੁਸਤ ਹੁੰਦੇ ਨੇ ਭਾਰ ਚੁੱਕਣ ਵਾਲੇ ਬੱਚੇ : ਸੋਧ

02/20/2020 3:36:46 PM

ਵਾਸ਼ਿੰਗਟਨ—ਸਕੂਲ ਬਸਤੇ ਦਾ ਜ਼ਿਆਦਾ ਬੋਝ ਚੁੱਕਣ ਵਾਲੇ ਬੱਚੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਜ਼ਿਆਦਾ ਤੰਦਰੁਸਤ ਹੁੰਦੇ ਹਨ। 'ਅਮਰੀਕੀ ਜਨਰਲ ਆਫ ਹੈਲਥ ਐਜੂਕੇਸ਼ਨ' 'ਚ ਛਪੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਜੋ ਬੱਚੇ ਭਾਰੀ ਬੈਗ ਚੁੱਕਦੇ ਹਨ, ਉਨ੍ਹਾਂ ਦੇ ਪੇਟ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ। ਇਸ ਕਾਰਨ ਉਹ ਜ਼ਿਆਦਾ ਕਿਰਿਆਸ਼ੀਲ ਅਤੇ ਸਿਹਤਮੰਦ ਹੁੰਦੇ ਹਨ। ਹਿਊਸਟਨ ਸਥਿਤ ਰਾਈਸ ਯੂਨੀਵਰਸਿਟੀ ਵਲੋਂ 12 ਤੋਂ 17 ਸਾਲ ਦੇ 6000 ਬੱਚਿਆਂ ਦੀ ਸਿਹਤ 'ਤੇ ਕੀਤੇ ਗਏ ਅਧਿਐਨ ਮੁਤਾਬਕ ਭਾਰੀ ਬਸਤਾ ਚੁੱਕਣ ਵਾਲੇ ਬੱਚਿਆਂ ਦਾ ਵਿਕਾਸ ਹੋਰ ਬੱਚਿਆਂ ਦੇ ਮੁਕਾਬਲੇ ਵਧੀਆ ਹੁੰਦਾ ਹੈ। ਰੀੜ੍ਹ ਦੀ ਹੱਡੀ ਦੇ ਮਾਹਿਰਾਂ ਦੀ ਅਮਰੀਕੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੱਚਿਆਂ ਦੇ ਸਕੂਲ ਬੈਗ ਦਾ ਭਾਰ ਉਨ੍ਹਾਂ ਦੇ ਭਾਰ ਦੇ ਹਿਸਾਬ ਨਾਲ 5 ਤੋਂ 10 ਫੀਸਦੀ ਹੀ ਹੋਣਾ ਚਾਹੀਦਾ ਹੈ।

ਅਧਿਐਨ 'ਚ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਰਲ-ਅਪ ਮੈਟ੍ਰਿਕ ਦਾ ਪ੍ਰਦਰਸ਼ਨ ਕੀਤਾ, ਜੋ ਪੇਟ ਦੀ ਤਾਕਤ ਅਤੇ ਉਸ ਦੀ ਸਮਰੱਥਾ ਨੂੰ ਮਾਪਦਾ ਹੈ। ਮਾਹਿਰਾਂ ਨੇ 132 ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪ ਬਣਾਏ। ਇਕ ਗਰੁੱਪ ਨੇ ਆਪਣੇ ਭਾਰ ਦੇ ਮੁਤਾਬਕ ਨਿਰਧਾਰਤ ਮਾਪਦੰਡ ਭਾਵ 10 ਫੀਸਦੀ ਤਕ ਭਾਰ ਚੁੱਕਿਆ ਜਦਕਿ ਦੂਜੇ ਗਰੁੱਪ ਨੇ 25 ਫੀਸਦੀ ਤਕ। ਇਹ ਸਭ ਤਕਰੀਬਨ ਦੋ ਮਹੀਨੇ ਤਕ ਚੱਲਿਆ। ਜ਼ਿਆਦਾ ਭਾਰ ਚੁੱਕਣ ਵਾਲੇ ਵਿਦਿਆਰਥੀ ਵਧੇਰੇ ਤੰਦਰੁਸਤ ਨਿਕਲੇ। ਅੰਦਰੂਨੀ ਪ੍ਰੀਖਿਆ ਦੇ ਨਤੀਜੇ 'ਚ ਵੀ ਇਸ ਗਰੁੱਪ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਸਿਹਤ ਨੂੰ ਲੈ ਕੇ ਕੋਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਜਦਕਿ ਘੱਟ ਭਾਰ ਚੁੱਕਣ ਵਾਲੇ ਸਟੂਡੈਂਟਸ ਦੇ ਗਰੁੱਪ 'ਚ ਜ਼ਿਆਦਾਤਰ ਵਿਦਿਆਰਥੀਆਂ ਨੇ ਮਾਸਪੇਸ਼ੀਆਂ 'ਚ ਖਿਚਾਅ ਦੀ ਸ਼ਿਕਾਇਤ ਦਰਜ ਕਰਵਾਈ। ਮੁੱਖ ਅਧਿਐਨਕਰਤਾ ਲੌਰਾ ਕਾਬਿਰੀ ਨੇ ਕਿਹਾ-'ਅਸੀਂ ਇਸ ਅਧਿਐਨ ਰਾਹੀਂ ਬੱਚੇ ਦੇ ਬਸਤੇ ਦਾ ਬੋਝ ਵਧਾਉਣ ਦੀ ਸਿਫਾਰਸ਼ ਨਹੀਂ ਕਰ ਰਹੇ, ਬਲਕਿ ਇਹ ਦੱਸਣਾ ਚਾਹੁੰਦੇ ਹਾਂ ਕਿ ਜ਼ਿਆਦਾ ਬੋਝ ਵੀ ਬੱਚਿਆਂ ਨੂੰ ਤੰਦਰੁਸਤ ਰੱਖ ਸਕਦਾ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ।''


Related News