ਸਾਊਦੀ ਨੇ ਯਮਨ ਦੀ ਰਾਜਧਾਨੀ ਸਨਾ ''ਚ ਕੀਤੇ ਇਕ ਤੋਂ ਬਾਅਦ ਇਕ ਕਈ ਧਮਾਕੇ ! ਉੱਠੇ ਧੂੰਏਂ ਦੇ ਗੁਬਾਰ
Sunday, Oct 04, 2026 - 09:48 AM (IST)
ਇੰਟਰਨੈਸ਼ਨਲ ਡੈਸਕ- ਯਮਨ ਦੀ ਰਾਜਧਾਨੀ ਸਨਾ, ਜੋ ਹੂਤੀ ਬਾਗੀਆਂ ਦੇ ਕਬਜ਼ੇ ਹੇਠ ਹੈ, ਕਈ ਜ਼ਬਰਦਸਤ ਧਮਾਕਿਆਂ ਨਾਲ ਕੰਬ ਗਈ। ਹੂਤੀ-ਸੰਚਾਲਿਤ ਅਲ-ਮਸੀਰਾ ਟੀ.ਵੀ. ਨੇ ਸ਼ਹਿਰ ’ਤੇ ਨਵੇਂ ‘ਸਾਊਦੀ ਹਵਾਈ ਹਮਲਿਆਂ’ ਦੀ ਖ਼ਬਰ ਦਿੱਤੀ, ਕਿਉਂਕਿ ਦੇਸ਼ ਵਿਚ ਸੰਘਰਸ਼ ਤੇਜ਼ੀ ਨਾਲ ਵਧ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕੁਝ ਹੀ ਸਮੇਂ ਵਿਚ ਸਨਾ ’ਚ 7 ਤੋਂ ਜ਼ਿਆਦਾ ਧਮਾਕੇ ਸੁਣੇ ਗਏ। ਉਨ੍ਹਾਂ ਕਿਹਾ ਕਿ ਧਮਾਕਿਆਂ ਨਾਲ ਸ਼ਹਿਰ ਦੇ ਕਈ ਹਿੱਸੇ ਹਿੱਲ ਗਏ ਅਤੇ ਉੱਪਰੋਂ ਲੜਾਕੂ ਜਹਾਜ਼ਾਂ ਦੀ ਆਵਾਜ਼ ਵੀ ਸੁਣਾਈ ਦਿੱਤੀ।
ਲੋਕਾਂ ਨੇ ਦੱਸਿਆ ਕਿ ਸਨਾ ਦੇ ਵੱਖ-ਵੱਖ ਹਿੱਸਿਆਂ ਵਿਚ ਅਲ-ਨਹਦੈਨ ਅਤੇ ਜਬਲ ਅੱਤਾਨ ਦੇ ਪਹਾੜੀ ਇਲਾਕਿਆਂ ਤੋਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਹੂਤੀ ਰਿਪੋਰਟ ’ਤੇ ਸਾਊਦੀ ਅਰਬ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ। ਪਿਛਲੇ ਮਹੀਨੇ ਸਾਊਦੀ ਹਵਾਈ ਹਮਲਿਆਂ ਅਤੇ ਮਿਜ਼ਾਈਲ ਹਮਲਿਆਂ ਨੇ ਪੱਛਮੀ, ਦੱਖਣ-ਪੱਛਮੀ ਅਤੇ ਉੱਤਰੀ ਯਮਨ ਵਿਚ ਹੂਤੀ ਕੰਟਰੋਲ ਵਾਲੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ।
