ਸਾਊਦੀ ਦੇ ਏਅਰਪੋਰਟਾਂ ''ਤੇ ਹੋ ਗਿਆ ਹਮਲਾ ! ਜਵਾਬੀ ਕਾਰਵਾਈ ''ਚ ਸਨਾ ''ਤੇ ਵੀ ਡਿੱਗੀਆਂ ਮਿਜ਼ਾਈਲਾਂ

Sunday, Oct 25, 2026 - 09:40 AM (IST)

ਸਾਊਦੀ ਦੇ ਏਅਰਪੋਰਟਾਂ ''ਤੇ ਹੋ ਗਿਆ ਹਮਲਾ ! ਜਵਾਬੀ ਕਾਰਵਾਈ ''ਚ ਸਨਾ ''ਤੇ ਵੀ ਡਿੱਗੀਆਂ ਮਿਜ਼ਾਈਲਾਂ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜੰਗ ਦੇ ਬੱਦਲ ਹੋਰ ਜ਼ਿਆਦਾ ਸੰਘਣੇ ਹੋ ਗਏ ਹਨ। ਇਸੇ ਦੌਰਾਨ ਯਮਨ ਦੇ ਇਰਾਨ-ਸਮਰਥਿਤ ਹੂਤੀ ਬਾਗ਼ੀਆਂ ਅਤੇ ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗਠਜੋੜ ਵਿਚਾਲੇ ਭਾਰੀ ਹਮਲਿਆਂ ਦੀ ਖ਼ਬਰ ਮਿਲੀ ਹੈ। ਹੂਤੀ ਸਮੂਹ ਨੇ ਸਾਊਦੀ ਅਰਬ ਦੇ ਹਵਾਈ ਅੱਡਿਆਂ, ਤੇਲ ਰਿਫਾਇਨਰੀਆਂ ਅਤੇ ਫੌਜੀ ਅੱਡਿਆਂ 'ਤੇ 7 ਵੱਡੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਸਾਊਦੀ ਗਠਜੋੜ ਦੁਆਰਾ ਯਮਨ ਵਿੱਚ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਜ਼ਖਮੀ ਹੋ ਗਏ ਹਨ।

ਹੂਤੀ ਫੌਜੀ ਬੁਲਾਰੇ ਯਾਹੀਆ ਸਾਰੀਆ ਅਨੁਸਾਰ ਸ਼ਨੀਵਾਰ ਨੂੰ ਰਿਆਧ, ਯਾਨਬੂ, ਰਾਬਿਗ, ਦਮਾਮ, ਨਜਰਾਨ ਅਤੇ ਖਮੀਸ ਮੁਸ਼ੈਤ 'ਤੇ ਹਮਲੇ ਕੀਤੇ ਗਏ। ਰਿਆਧ ਦੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ, ਦਮਾਮ ਦੇ ਕਿੰਗ ਫਾਹਦ ਏਅਰਪੋਰਟ ਅਤੇ ਯਾਨਬੂ ਸਥਿਤ ਸਾਊਦੀ ਅਰਾਮਕੋ ਦੇ ਤੇਲ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਸਾਊਦੀ ਗਠਜੋੜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰਿਆਧ, ਤਾਇਫ਼ ਅਤੇ ਯਾਨਬੂ ਵੱਲ ਦਾਗੀਆਂ ਗਈਆਂ ਕਈ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਮਿਜ਼ਾਈਲਾਂ ਦਾ ਮਲਬਾ ਮੱਕਾ ਅਤੇ ਮਦੀਨਾ ਖੇਤਰਾਂ ਵਿੱਚ ਡਿੱਗਿਆ। ਹਾਲਾਂਕਿ ਹੂਤੀ ਸਮੂਹ ਨੇ ਪਵਿੱਤਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। 

ਉੱਥੇ ਹੀ ਹੂਤੀਆਂ ਦੇ ਕੰਟਰੋਲ ਵਾਲੇ 'ਅਲ-ਮਸੀਰਾ ਟੀਵੀ' ਅਨੁਸਾਰ ਸਾਊਦੀ ਗਠਜੋੜ ਨੇ 24 ਘੰਟਿਆਂ 'ਚ ਸਨਾ ਅਤੇ ਤਾਇਜ਼ 'ਚ 100 ਤੋਂ ਵੱਧ ਹਵਾਈ ਹਮਲੇ ਕੀਤੇ। ਸਨਾ ਸੂਬੇ ਦੇ ਹਮਦਾਨ ਜ਼ਿਲ੍ਹੇ 'ਚ ਸੀਮੈਂਟ ਫੈਕਟਰੀ ਦੇ ਮਜ਼ਦੂਰਾਂ ਦੀਆਂ ਰਿਹਾਇਸ਼ਾਂ 'ਤੇ ਹੋਏ ਹਵਾਈ ਹਮਲੇ 'ਚ 8 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਹੂਤੀਆਂ ਨੇ ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਦੇ ਮੁੱਖ ਕੇਂਦਰ ਅਦਨ 'ਚ ਕੋਸਟ ਗਾਰਡ ਦੇ ਹੈੱਡਕੁਆਰਟਰ ਅਤੇ ਅਦਨ ਏਅਰਪੋਰਟ ਨੇੜੇ 4 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ।

ਜੰਗ ਦੌਰਾਨ ਹਮਲਿਆਂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਾਊਦੀ ਅਰਬ, ਕਤਰ, ਯੂ.ਏ.ਈ., ਬਹਿਰੀਨ, ਇਰਾਕ, ਲਿਬਨਾਨ ਅਤੇ ਇਜ਼ਰਾਈਲ ਸਣੇ 7 ਦੇਸ਼ਾਂ ਲਈ ਆਪਣੀ ਟ੍ਰੈਵਲ ਐਡਵਾਈਜ਼ਰੀ ਨੂੰ ਅਪਡੇਟ ਕਰਦਿਆਂ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ।


author

Harpreet SIngh

Content Editor

Related News