ਹੂਤੀਆਂ ਵੱਲੋਂ ਯਮਨ ਦੇ ਫੌਜੀ ਅੱਡੇ ''ਤੇ ਹੋਏ ਹਮਲੇ ''ਚ 53 ਜਵਾਨਾਂ ਦੀ ਗਈ ਜਾਨ, 200 ਤੋਂ ਵੱਧ ਜ਼ਖ਼ਮੀ

Tuesday, Oct 20, 2026 - 02:24 PM (IST)

ਹੂਤੀਆਂ ਵੱਲੋਂ ਯਮਨ ਦੇ ਫੌਜੀ ਅੱਡੇ ''ਤੇ ਹੋਏ ਹਮਲੇ ''ਚ 53 ਜਵਾਨਾਂ ਦੀ ਗਈ ਜਾਨ, 200 ਤੋਂ ਵੱਧ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਹੂਤੀ ਬਾਗੀਆਂ ਨੇ ਯਮਨ ਦੇ ਦੱਖਣੀ ਸੂਬੇ ਸ਼ਬਵਾ 'ਚ ਫ਼ੌਜ ਦੇ ਇਕ ਮਿਲਟਰੀ ਕੈਂਪ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਸੋਮਵਾਰ ਨੂੰ ਹੋਏ ਇਸ ਹਮਲੇ ਵਿਚ 53 ਫੌਜੀਆਂ ਦੀ ਮੌਤ ਹੋ ਗਈ, ਜਦਕਿ 200 ਤੋਂ ਵੱਧ ਜ਼ਖ਼ਮੀ ਹੋਏ ਹਨ।

ਯਮਨ ਫ਼ੌਜ ਦੇ ਬੁਲਾਰੇ ਕਰਨਲ ਮਾਜਿਦ ਅਲ-ਨਜੀਲੀ ਨੇ ਦੱਸਿਆ ਕਿ ਹੂਤੀ ਬਾਗੀਆਂ ਨੇ ਪੁਲਸ ਅਤੇ ਸੁਰੱਖਿਆ ਫੋਰਸਾਂ ਦੇ ਟ੍ਰੇਨਿੰਗ ਸੈਂਟਰ ’ਤੇ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੂਤੀ ਬਾਗੀਆਂ ਨੇ ਅਦਨ ਸ਼ਹਿਰ ਵਿਚ ਰਾਸ਼ਟਰਪਤੀ ਭਵਨ ’ਤੇ 5 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਹਮਲੇ ਸਮੇਂ ਪ੍ਰਧਾਨ ਮੰਤਰੀ ਸ਼ਾਇਆ ਮੋਹਸਿਨ ਅਲ-ਜਿੰਦਾਨੀ ਅਤੇ ਸਰਕਾਰ ਦੇ ਕਈ ਮੰਤਰੀ ਕੰਪਲੈਕਸ ਵਿਚ ਮੌਜੂਦ ਸਨ, ਹਾਲਾਂਕਿ ਸਾਰੇ ਸੁਰੱਖਿਅਤ ਬਚ ਗਏ। ਹਮਲੇ ਵਿਚ 4 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ’ਚ 2 ਸੁਰੱਖਿਆ ਕਰਮਚਾਰੀ ਸ਼ਾਮਲ ਸਨ।

ਸਾਊਦੀ ਅਰਬ ਦੇ ਹਵਾਈ ਹਮਲੇ ’ਚ 9 ਲੋਕਾਂ ਦੀ ਮੌਤ
ਹੂਤੀ ਪ੍ਰਸ਼ਾਸਨ ਦੇ ਸਿਹਤ ਮੰਤਰਾਲੇ ਮੁਤਾਬਕ, ਐਤਵਾਰ ਨੂੰ ਯਮਨ ਦੇ ਉੱਤਰੀ ਸੂਬੇ ਸਾਦਾ ਵਿਚ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿਚ 5 ਬੱਚੇ ਅਤੇ 2 ਔਰਤਾਂ ਸ਼ਾਮਲ ਹਨ। ਹੂਤੀ ਬਾਗੀਆਂ ਨੇ ਦਾਅਵਾ ਕੀਤਾ ਕਿ ਹਫਤੇ ਦੇ ਅੰਤ ਵਿਚ ਹੋਏ ਕਈ ਹਮਲਿਆਂ ਵਿਚ 30 ਤੋਂ ਵੱਧ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ। ਸਾਊਦੀ ਅਰਬ ਨੇ ਇਸ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। 

ਹੂਤੀ ਬਾਗੀਆਂ ਨੇ ਹਾਲ ਹੀ ਦੇ ਹਫ਼ਤਿਆਂ ਵਿਚ ਸਾਊਦੀ ਅਰਬ ’ਤੇ ਵੀ ਹਮਲੇ ਤੇਜ਼ ਕੀਤੇ ਹਨ। ਉਹ ਯਮਨ ਦੇ ਗ੍ਰਹਿ ਯੁੱਧ ਵਿਚ ਸਰਕਾਰ ਦਾ ਸਮਰਥਨ ਕਰਨ ਦੇ ਕਾਰਨ ਸਾਊਦੀ ਅਰਬ ਨੂੰ ਨਿਸ਼ਾਨਾ ਬਣਾ ਰਹੇ ਹਨ। ਬਾਗੀਆਂ ਨੇ ਸਾਊਦੀ ਹਵਾਈ ਅੱਡਿਆਂ, ਤੇਲ ਅਤੇ ਫ਼ੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਹਨ।


author

Harpreet SIngh

Content Editor

Related News