ਸਾਊਦੀ ਪ੍ਰਿੰਸ ਨੇ ਇਮਰਾਨ ਨੂੰ ''ਦਾਨ'' ''ਚ ਦਿੱਤੀਆਂ ਚੌਲਾਂ ਦੀਆਂ ਬੋਰੀਆਂ, ਛਿੜੀ ਬਹਿਸ

05/13/2021 11:33:56 AM

ਇਸਲਾਮਾਬਾਦ (ਬਿਊਰੋ): ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਯਾਤਰਾ ਦੇ ਬਾਅਦ ਸਾਊਦੀ ਅਰਬ ਤੋਂ ਦਾਨ ਦੇ ਤੌਰ 'ਤੇ ਮਿਲੇ ਚੌਲਾਂ ਨੂੰ ਲੈ ਕੇ ਪਾਕਿਸਤਾਨ ਵਿਚ ਹੁਣ ਨਵਾਂ ਵਿਵਾਦ ਛਿੜ ਗਿਆ ਹੈ। ਸਾਊਦੀ ਅਰਬ ਦੀ ਮਦਦ ਮੁਹੱਈਆ ਕਰਾਉਣ ਵਾਲੀ ਏਜੰਸੀ 'ਕਿੰਗ ਸਲਮਾਨ ਹਿਊਮੈਨਿਟੇਰੀਅਨ ਏਡ ਐਂਡ ਰਿਲੀਫ ਸੈਂਟਰ' ਨੇ ਹਾਲ ਹੀ ਵਿਚ ਜ਼ਕਾਤ ਅਲ ਫਿਤਰ ਪ੍ਰਾਜੈਕਟ ਦੇ ਤਹਿਤ ਪਾਕਿਸਤਾਨ ਨੂੰ 19,032 ਬੋਰੀਆਂ ਮਤਲਬ 440 ਟਨ ਚੌਲ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਸੀ। ਇਹ ਚੌਲ ਪਾਕਿਸਤਾਨ ਦੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬੇ ਵਿਚ ਵੰਡਿਆ ਜਾ ਰਿਹਾ ਹੈ। 

ਸਾਊਦੀ ਅਰਬ ਤੋਂ ਮਿਲੇ ਚੌਲਾਂ ਨੂੰ ਸੂਬਾਈ ਸਰਕਾਰ ਦੇ ਜ਼ਰੀਏ 9 ਜ਼ਿਲ੍ਹਿਆਂ ਦੇ 114,192 ਲਾਭਪਾਤਰਾਂ ਵਿਚ ਵੰਡਿਆ ਜਾ ਰਿਹਾ ਹੈ। ਪੰਜਾਬ ਸੂਬੇ ਦੇ ਲਾਹੌਰ, ਫੈਸਲਾਬਾਦ, ਸਾਹੀਵਾਲ ਅਤੇ ਖਾਨੇਵਾਲ ਅਤੇ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਤ, ਟੈਂਕ, ਬਾਜੌਰ,ਲੋਅਰ ਡਰ ਅਤੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿਚ ਚੌਲ ਵੰਡੇ ਜਾ ਰਹੇ ਹਨ। ਇਮਰਾਨ ਖਾਨ ਦੀ ਯਾਤਰਾ ਦੇ ਤੁਰੰਤ ਬਾਅਦ ਚੌਲਾਂ ਜ਼ਰੀਏ ਮਦਦ ਦਾ ਐਲਾਨ ਕੀਤਾ ਗਿਆ। ਇਸ ਲਈ ਇਸ ਦਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਊਦੀ ਯਾਤਰਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਵੇਂਕਿ ਇਸ ਨੂੰ ਲੈਕੇ ਇਮਰਾਨ ਖਾਨ ਆਪਣੇ ਦੇਸ਼ ਦੇ ਅੰਦਰ ਬੁਰੀ ਤਰ੍ਹਾਂ ਘਿਰ ਗਏ ਹਨ। ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੇ ਮਸ਼ਹੂਰ ਲੋਕਾਂ ਵੱਲੋਂ ਸਵਾਲ ਚੁੱਕੇ ਜਾਣ ਮਗਰੋਂ ਸਾਊਦੀ ਤੋਂ ਜ਼ਕਾਤ ਮਤਲਬ ਦਾਨ ਵਿਚ ਮਿਲੇ ਚੌਲਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਵੀ ਇਮਰਾਨ ਖਾਨ ਸਰਕਾਰ ਨੂੰ ਘੇਰਿਆ ਹੈ। 

ਬਿਲਾਵਲ ਭੁੱਟੋ ਨੇ ਕਹੀ ਇਹ ਗੱਲ
ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਮਰਾਨ ਖਾਨ ਦੀ ਸਾਊਦੀ ਯਾਤਰਾ ਨੂੰ ਅਸਫਲ ਕਰਾਰ ਦਿੱਤਾ ਹੈ। ਬਿਲਾਵਲ ਭੁੱਟੋ ਨੇ ਜਾਰੀ ਬਿਆਨ ਵਿਚ ਕਿਹਾ ਕਿ ਪੀ.ਐੱਮ. ਇਮਰਾਨ ਖਾਨ ਨੇ ਫਿਤਰਾ ਅਤੇ ਜ਼ਕਾਤ ਦੇ ਰੂਪ ਵਿਚ ਸਾਊਦੀ ਅਰਬ ਤੋਂ ਦਾਨ ਵਿਚ ਚੌਲਾਂ ਦੀਆਂ 19,000 ਬੋਰੀਆਂ ਦੇ ਇਲਾਵਾ ਕੁਝ ਵੀ ਹਾਸਲ ਨਹੀਂ ਕੀਤਾ ਹੈ। ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਨੂੰ ਜਿੰਨੇ ਚੌਲ ਮਿਲੇ ਹਨ ਉਸ ਨਾਲੋਂ ਕਿਤੇ ਜ਼ਿਆਦਾ ਇਮਰਾਨ ਖਾਨ ਦੀ ਸਾਊਦੀ ਯਾਤਰਾ 'ਤੇ ਖਰਚਾ ਹੋ ਗਿਆ। ਉਹਨਾਂ ਨੇ ਕਿਹਾ ਕਿ ਦਾਨ ਵਿਚ ਮਿਲੀਆਂ ਚੌਲਾਂ ਦੀਆਂ ਬੋਰੀਆਂ ਦੀ ਕੀਮਤ ਇਮਰਾਨ ਖਾਨ ਵੱਲੋਂ ਦੋ ਦਰਜਨ ਦੋਸਤਾਂ ਅਤੇ ਮੰਤਰੀਆਂ ਦੇ ਨਾਲ ਸਾਊਦੀ ਦੇ ਦੌਰ 'ਤੇ ਕੀਤੇ ਗਏ ਖਰਚ ਤੋਂ ਤੁਲਨਾਤਮਕ ਰੂਪ ਤੋਂ ਘੱਟ ਹੈ। ਬਿਲਾਵਲ ਨੇ ਨਿਸ਼ਾਨਾ ਵਿੰਨ੍ਹਦਿਆਂ ਪੁੱਛਿਆ,''ਕੀ 22 ਸਾਲਾਂ ਦੇ ਸੰਘਰਸ਼ ਦੇ ਬਾਅਦ ਇਮਰਾਨ ਖਾਨ ਇਸ ਲਈ ਪ੍ਰਧਾਨ ਮੰਤਰੀ ਬਣੇ ਹਨ ਕਿ ਪਰਮਾਣੂ ਸ਼ਕਤੀ ਵਾਲੇ ਦੇਸ਼ ਲਈ ਚੌਲਾਂ ਦੀਆਂ ਬੋਰੀਆਂ ਲਿਆ ਸਕਣ।''

ਸੋਸ਼ਲ ਮੀਡੀਆ 'ਤੇ ਵੀ ਘਿਰੀ ਪਾਕਿ ਸਰਕਾਰ
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦਾਨ ਵਿਚ ਮਿਲੇ ਚੌਲਾਂ ਨੂੰ ਲੈਕੇ ਇਮਰਾਨ ਖਾਨ ਦੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਸਨ। ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਰਹੇ ਹੁਸੈਨ ਹੱਕਾਨੀ ਨੇ ਇਸ ਮਾਮਲੇ 'ਤੇ ਬਿਨਾਂ ਨਾਮ ਲਏ ਇਮਰਾਨ ਖਾਨ ਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਹੁਸੈਨ ਹੱਕਾਨੀ ਨੇ ਕਿਹਾ,''ਹਾਲ ਹੀ ਦੇ ਦਿਨਾਂ ਤੱਕ ਚੌਲਾਂ ਦੇ ਵੱਡੇ ਨਿਰਯਾਤਕ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਦਦ ਦੇ ਤੌਰ 'ਤੇ 19,032 ਬੋਰੀਆਂ ਚੌਲਾਂ ਦੀ ਲੋੜ ਕਿਉਂ ਪਈ।ਸਾਊਦੀ ਅਰਬ ਦੀ ਦਰਿਆਦਿਲੀ ਲਈ ਉਸ ਦਾ ਸ਼ੁਕਰੀਆ ਜਤਾਉਣ ਦੇ ਨਾਲ-ਨਾਲ ਆਪਣੇ ਦੇਸ਼ ਦੀ ਅਸਫਲਤਾ ਲਈ ਸਵੈ-ਨਿਰੀਖਣ ਦੀ ਵੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਵਿਡ-19 ਨਾਲ 200 ਤੋਂ ਵੱਧ ਡਾਕਟਰਾਂ ਦੀ ਮੌਤ, ਜਾਣੋ ਤਾਜ਼ਾ ਸਥਿਤੀ

ਪਾਕਿਸਤਾਨ ਦੇ ਮਸ਼ਹੂਰ ਅਰਥਸ਼ਾਸਤਰੀ ਕੈਸਰ ਬੰਗਾਲੀ ਦਾ ਕਹਿਣਾ ਸੀ ਕਿ ਗਰੀਬੀ ਘਟਾਉਣ ਅਤੇ ਵਿਕਾਸ ਦੇ ਨਾਮ 'ਤੇ ਪਿਛਲੇ ਚਾਰ ਸਾਲਾਂ ਤੋਂ ਅਮਰੀਕਾ, ਸਾਊਦੀ ਅਰਬ, ਯੂ.ਏ.ਈ. ਅਤੇ ਚੀਨ ਦੇ ਸਾਹਮਣੇ ਭੀਖ ਮੰਗਣ ਦੇ ਬਾਅਦ ਹੁਣ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਲੋੜਵੰਦ ਪਰਿਵਾਰਾਂ ਲਈ ਸਾਊਦੀ ਅਰਬ ਤੋਂ ਚੌਲ ਲੈਣ ਦੀ ਨੌਬਤ ਆ ਗਈ ਹੈ। ਉਹਨਾਂ ਨੇ ਸਰਕਾਰ ਅਤੇ ਸੈਨਾ ਤੋਂ ਸਵਾਲ ਪੁੱਛਦਿਆਂ ਲਿਖਿਆ ਕੀ ਰਾਵਲਪਿੰਡੀ-ਇਸਲਾਮਾਬਾਦ ਵਿਚ ਥੋੜ੍ਹੀ ਜਿਹੀ ਸ਼ਰਮ ਬਚੀ ਹੈ।

ਸਰਕਾਰ ਨੇ ਦਿੱਤਾ ਇਹ ਜਵਾਬ
ਫਿਲਹਾਲ ਇਮਰਾਨ ਖਾਨ ਦੀ ਸਰਕਾਰ ਨੇ ਜਵਾਬ ਦੇ ਤੌਰ 'ਤੇ ਮਿਲੇ ਚੌਲਾਂ ਨੂੰ ਲੈਕੇ ਆਪਣਾ ਬਚਾਅ ਕੀਤਾ ਹੈ। ਡਾਨ ਨਾਲ ਗੱਲਬਾਤ ਵਿਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਿਯੋਗੀ ਤਾਹਿਰ ਅਸ਼ਰਫੀ ਨੇ ਕਿਹਾ ਕਿ ਪਾਕਿਸਤਾਨ ਨੂੰ ਦਾਨ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ। ਅਤੀਤ ਵਿਚ ਵੀ ਪਾਕਿਸਤਾਨ ਦੇ ਗਰੀਬਾਂ ਨੂੰ ਦਾਨ ਮਿਲਦਾ ਰਿਹਾ ਹੈ। ਤਾਹਿਰ ਅਸ਼ਰਫੀ ਨੇ ਕਿਹਾ ਕਿ ਇਸ ਵਾਰ ਦਾਨ ਸਾਊਦੀ ਅਰਬ ਤੋਂ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਫਰਕ ਸਿਰਫ ਇੰਨਾ ਹੈ ਕਿ ਸਾਊਦੀ ਅਰਬ ਲੋਕਾਂ ਅਤੇ ਕਿਸੇ ਸਮੂਹ ਨੂੰ ਦੇਣ ਦੀ ਬਜਾਏ ਇਸ ਨੂੰ ਸਰਕਾਰ ਦੇ ਸਹਿਯੋਗ ਨਾਲ ਵੰਡ ਰਿਹਾ ਹੈ। ਤਾਹਿਰ ਨੇ ਦੱਸਿਆ ਕਿ ਇਸ ਸਾਲ ਚੌਲ ਵੰਡਣ ਦਾ ਫ਼ੈਸਲਾ ਘੱਟੋ-ਘੱਟ ਇਕ ਮਹੀਨਾ ਪਹਿਲਾਂ ਲਿਆ ਗਿਆ ਸੀ। ਮਦਦ ਮੁਹੱਈਆ ਕਰਾਉਣ ਵਾਲੀ ਸਾਊਦੀ ਦੀ ਉਸੇ ਏਜੰਸੀ ਨੇ ਕੁਝ ਹਫ਼ਤੇ ਪਹਿਲਾਂ ਕੋਵਿਡ-19 ਨਾਲ ਨਜਿੱਠਣ ਲਈ ਮਦਦ ਭੇਜੀ ਸੀ ਪਰ ਉਦੋਂ ਤੱਕ ਕਿਸੇ ਨੇ ਇਸ ਦੀ ਆਲੋਚਨਾ ਨਹੀਂ ਕੀਤੀ ਸੀ। ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਸਰਕਾਰ ਦੀ ਆਲੋਚਨਾ ਤੋਂ ਬਹੁਤ ਨਿਰਾਸ਼ ਹਨ।

ਨੋਟ- ਸਾਊਦੀ ਪ੍ਰਿੰਸ ਨੇ ਇਮਰਾਨ ਨੂੰ 'ਦਾਨ' 'ਚ ਦਿੱਤੀਆਂ ਚੌਲਾਂ ਦੀਆਂ ਬੋਰੀਆਂ, ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News