ਸਾਊਦੀ ਮੱਕਾ ਨੂੰ ਛੱਡ ਕੇ ਪੂਰੇ ਦੇਸ਼ 'ਚ 21 ਜੂਨ ਨੂੰ ਖਤਮ ਕਰੇਗਾ ਕਰਫਿਊ
Tuesday, May 26, 2020 - 02:20 PM (IST)
ਸਾਊਦੀ— ਸਾਊਦੀ ਅਰਬ ਇਸ ਹਫਤੇ ਕੋਰੋਨਾ ਵਾਇਰਸ ਪਾਬੰਦੀਆਂ 'ਚ ਢਿੱਲ ਦੇਣਾ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਪਵਿੱਤਰ ਸ਼ਹਿਰ ਮੱਕਾ ਨੂੰ ਛੱਡ ਕੇ ਪੂਰੇ ਦੇਸ਼ 'ਚ ਪਾਬੰਦੀਆਂ ਨੂੰ 21 ਜੂਨ ਤੋਂ ਹਟਾ ਦੇਵੇਗਾ। ਪਾਬੰਦੀਆਂ ਨੂੰ ਤਿੰਨ ਪੜਾਵਾਂ ਵਿਚ ਹਟਾਇਆ ਜਾਵੇਗਾ। ਜਾਣਕਾਰੀ ਮੁਤਾਬਕ, ਵੀਰਵਾਰ ਨੂੰ ਸ਼ੁਰੂ ਹੋਣ ਵਾਲੇ ਪਹਿਲੇ ਪੜਾਅ 'ਚ ਕਰਫਿਊ 24 ਘੰਟੇ ਤੋਂ ਘਟਾ ਕੇ ਸ਼ਾਮ 3 ਵਜੇ ਤੋਂ ਸਵੇਰੇ 6 ਵਜੇ ਵਿਚਕਾਰ ਕਰ ਦਿੱਤਾ ਜਾਵੇਗਾ।
ਸਾਊਦੀ ਪ੍ਰੈੱਸ ਏਜੰਸੀ ਮੁਤਾਬਕ, 30 ਮਈ ਤੋਂ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਫ੍ਰੀ ਮੂਵਮੈਂਟ ਦੀ ਇਜ਼ਾਜਤ ਹੋਵੇਗੀ। ਘਰੇਲੂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਏਗੀ ਪਰ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਰਹੇਗੀ।
ਉੱਥੇ ਹੀ, ਸਮਾਜਿਕ ਦੂਰੀ ਅਤੇ ਸਾਫ-ਸਫਾਈ ਦੀਆਂ ਸ਼ਰਤਾਂ ਨਾਲ ਮਸਜਿਦਾਂ 'ਚ ਇਕ ਵਾਰ ਫਿਰ ਤੋਂ ਨਮਾਜ਼ ਦੀ ਮਨਜ਼ੂਰੀ ਦਿੱਤੀ ਜਾਵੇਗੀ। ਹਾਲਾਂਕਿ, ਮੱਕਾ 'ਚ ਕਰਫਿਊ 24 ਘੰਟੇ ਲਾਗੂ ਰਹੇਗਾ ਤੇ ਸਿਰਫ 21 ਜੂਨ ਤੋਂ ਇਸ ਦੇ ਘੱਟ ਹੋਣ ਦੀ ਉਮੀਦ ਹੈ। ਹਜ ਅਤੇ ਉਮਰਾਹ ਤੀਰਥ ਸਥੱਲ, ਜੋ ਆਮ ਤੌਰ 'ਤੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਆਕਰਸ਼ਤ ਕਰਦੇ ਹਨ ਉਹ ਵੀ ਬੰਦ ਰਹਿਣਗੇ। ਕਰਫਿਊ 'ਚ ਢਿੱਲ ਮਿਲਣ 'ਤੇ ਵੀ 50 ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਰਹੇਗੀ। ਜ਼ਿਕਰਯੋਗ ਹੈ ਕਿ ਸਾਊਦੀ 'ਚ ਕੋਰੋਨਾ ਵਾਇਰਸ ਮਾਮਲੇ ਤਕਰੀਬਨ 75,000 'ਤੇ ਪਹੁੰਚ ਚੁੱਕੇ ਹਨ, ਜਦੋਂ ਕਿ ਹੁਣ ਤੱਕ 399 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਊਦੀ ਇਸ ਸਮੇਂ ਕੋਰੋਨਾ ਵਾਇਰਸ ਤੇ ਤੇਲ ਕੀਮਤਾਂ ਡਿੱਗਣ ਕਾਰਨ ਦੋਹਰੀ ਮਾਰ ਚੱਲ ਰਿਹਾ ਹੈ।