ਸਾਊਦੀ ਅਤੇ ਯੂ.ਏ.ਈ. ਭਾਰਤ 'ਚ ਕਰਨਗੇ 70 ਅਰਬ ਡਾਲਰ ਦਾ ਨਿਵੇਸ਼

11/29/2019 4:00:41 PM

ਦੋਹਾ (ਬਿਊਰੋ): ਸਾਊਦੀ ਅਰਬ ਅਤੇ ਯੂ.ਏ.ਈ. ਮਿਲ ਕੇ ਮਹਾਰਾਸ਼ਟਰ ਵਿਚ 70 ਅਰਬ ਡਾਲਰ ਦੀ ਲਾਗਤ ਨਾਲ ਰਿਫਾਇਨਰੀ ਖੋਲ੍ਹਣ ਜਾ ਰਹੇ ਹਨ। ਦੋਹਾਂ ਦੇਸ਼ਾਂ ਵੱਲੋਂ ਭਾਰਤ ਵਿਚ ਇਹ ਵੱਡਾ ਨਿਵੇਸ਼ ਹੋਵੇਗਾ। ਇਸ ਤੋਂ ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਰਿਫਾਇਨਰੀ ਦੀ ਲਾਗਤ 44 ਅਰਬ ਡਾਲਰ ਹੋਵੇਗੀ। ਇਹ ਨਵਾਂ ਅੰਕੜਾ ਯੂ.ਏ.ਈ. ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਆਬੂ ਧਾਬੀ ਕ੍ਰਾਊਨ ਪਿੰ੍ਰਸ ਮੁਹੰਮਦ ਬਿਨ ਜਾਵੇਦ ਅਲ ਨਾਹੀਆਨ ਦੀ 27 ਨਵੰਬਰ ਨੂੰ ਹੋਈ ਮੁਲਾਕਾਤ ਦੇ ਬਾਅਦ ਆਇਆ ਹੈ।

ਸਾਊਦੀ ਅਤੇ ਯੂ.ਏ.ਈ. ਦੇ ਕ੍ਰਾਊਨ ਪ੍ਰਿੰਸ ਨੇ ਰਿਫਾਇਨਰੀ ਪ੍ਰਾਜੈਕਟ 'ਤੇ ਚਰਚਾ ਕੀਤੀ। ਭਾਵੇਂਕਿ 2018 ਵਿਚ ਹੀ ਸਾਊਦੀ ਅਤੇ ਯੂ.ਏ.ਈ. ਨੇ ਰਿਫਾਇਨਰੀ ਅਤੇ ਪੈਟ੍ਰੋਕੈਮੀਕਲਜ਼ ਕੰਪਲੈਕਸ ਦਾ ਵਿਕਾਸ ਕਰਨ ਦਾ ਐਲਾਨ ਕੀਤਾ ਸੀ, ਜਿਸ ਨਾਲ ਭਾਰਤੀ ਬਾਜ਼ਾਰ ਲਈ ਰੋਜ਼ਾਨਾ 600,000 ਬੈਰਲ ਤੇਲ ਦੀ ਸਪਲਾਈ ਕੀਤੀ ਜਾਵੇਗੀ। ਇਸ ਪ੍ਰਾਜੈਕਟ ਵਿਚ ਸਾਊਦੀ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਅਤੇ ਸੰਯੁਕਤ ਅਰਬ ਅਮੀਰਾਤ ਦੀ ਕੰਪਨੀ ਐਡਨਾਕ, ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਸ਼ਾਮਲ ਹਨ । ਭਾਵੇਂਕਿ ਇਸ ਲਈ ਹਾਲੇ ਜ਼ਮੀਨ ਐਕਵਾਇਰ ਦੀ ਸ਼ੁਰੂਆਤ ਨਹੀਂ ਹੋਈ ਹੈ।

ਸਾਊਦੀ ਦੇ ਵਣਜ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨੇ ਇਸ ਪ੍ਰਾਜੈਕਟ ਨੂੰ ਲੈ ਕੇ ਆਪਣੇ ਬਿਆਨ ਵਿਚ ਕਿਹਾ ਸੀ,''ਅਸੀਂ ਸਾਊਦੀ ਅਰਾਮਕੋ ਤੋਂ ਸ਼ੁਰੂਆਤ ਕੀਤੀ ਹੈ। ਇਸ ਨੇ ਰਿਫਾਇਨਰੀ ਬਣਾਉਣ ਦਾ ਫੈਸਲਾ ਕੀਤਾ ਅਤੇ ਇਹ ਬਹੁਤ ਵੱਡਾ ਨਿਵੇਸ਼ ਹੈ। ਇਹ ਇਕ ਵਚਨਬੱਧਤਾ ਹੈ। ਅਸੀਂ ਭਾਰਤ ਸਰਕਾਰ ਵੱਲੋਂ ਜ਼ਮੀਨ ਦੀ ਚੋਣ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ।'' 

ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ 8 ਮੱਧ-ਪੂਰਬ ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਭਾਰਤ ਦੀਆਂ ਤੇਲ ਸਬੰਧੀ ਲੋੜਾਂ ਮੱਧ-ਪੂਰਬੀ ਦੇਸ਼ਾਂ ਦੇ ਨਾਲ ਸੰਬੰਧਾਂ ਦੀ ਸਭ ਤੋਂ ਮੁੱਖ ਧੁਰੀ ਰਹੀਆਂ ਹਨ। ਇਕ ਅਨੁਮਾਨ ਮੁਤਾਬਕ 2024 ਤੱਕ ਭਾਰਤ ਦੀਆਂ ਤੇਲ ਸੰਬੰਧੀ ਲੋੜਾਂ ਚੀਨ ਨਾਲੋਂ ਵੀ ਜ਼ਿਆਦਾ ਹੋ ਜਾਣਗੀਆਂ। ਉੱਧਰ ਸਾਊਦੀ ਆਪਣੀ ਅਰਥਵਿਵਸਥਾ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਲਈ ਉਸ ਨੂੰ ਭਾਰਤ ਵਰਗੇ ਸਹਿਯੋਗੀਆਂ ਦੀ ਲੋੜ ਹੈ।


Vandana

Content Editor

Related News