ਸਾਊਦੀ ਅਰਬ : ਬੀਬੀਆਂ ਦੇ ਵਾਹਨ ਚਲਾਉਣ ਦੇ ਹੱਕ ਲਈ ਲੜਨ ਵਾਲੀ ਲੁਜ਼ੈਨ ਜੇਲ੍ਹ ਤੋਂ ਰਿਹਾਅ
Thursday, Feb 11, 2021 - 11:34 AM (IST)
ਰਿਆਦ- ਸਾਊਦੀ ਅਰਬ ਨੇ ਸਾਊਦੀ ਮਹਿਲਾ ਅਧਿਕਾਰ ਕਾਰਜਕਰਤਾ ਲੁਜ਼ੈਨ ਅਲ-ਹਥਲੌਲ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਹੈ। ਹਥਲੌਲ ਦੇ ਪਰਿਵਾਰ ਨੇ ਬੁੱਧਵਾਰ ਨੂੰ ਇੱਥੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ।
31 ਸਾਲਾ ਹਥਲੌਲ ਦੇਸ਼ ਵਿਚ ਬੀਬੀਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦਿੱਤੇ ਜਾਣ ਦੀ ਅਗਵਾਈ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਅ ਰਹੀ ਸੀ। ਸਾਲ 2018 ਵਿਚ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ।
ਕੁਝ ਹਫ਼ਤੇ ਪਹਿਲਾਂ ਉਨ੍ਹਾਂ 'ਤੇ ਪਾਬੰਦੀਆਂ ਹਟਾਈਆਂ ਗਈਆਂ ਸਨ। ਦਸੰਬਰ ਵਿਚ ਅਦਾਲਤ ਨੇ ਉਨ੍ਹਾਂ ਨੂੰ ਰਾਜਨੀਤਕ ਨਿਯਮਾਂ ਨੂੰ ਬਦਲਣ ਅਤੇ ਦੇਸ਼ ਵਿਚ ਜਨਤਕ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਇਕ ਮਾਮਲੇ ਵਿਚ ਦੋਸ਼ੀ ਪਾਇਆ ਸੀ। ਹਥਲੌਲ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਉਸ ਦੀ ਸਜ਼ਾ ਨੂੰ ਦੋ ਸਾਲ 10 ਮਹੀਨੇ ਘਟਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਉਸ ਦੇ ਪਰਿਵਾਰ ਨੇ ਦੱਸਿਆ ਕਿ ਹਥਲੌਲ ਅਜੇ ਤੱਕ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ ਅਤੇ ਉਸ ਨੂੰ ਪ੍ਰੋਬੇਸ਼ਨ ਦੌਰਾਨ ਕਈ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ 5 ਸਾਲ ਦੀ ਯਾਤਰਾ 'ਤੇ ਵੀ ਪਾਬੰਦੀ ਸ਼ਾਮਲ ਹੈ। ਭਾਵ ਉਹ 5 ਸਾਲਾਂ ਤੱਕ ਯਾਤਰਾ ਨਹੀਂ ਕਰ ਸਕਦੀ।