ਐਰਦੋਗਨ ਦੇ ਬਿਆਨ ’ਤੇ ਭੜਕਿਆ ਸਾਊਦੀ, ਕਿਹਾ-ਤੁਰਕੀ ਦੀਆਂ ਚੀਜ਼ਾਂ ਦਾ ਕਰੋ ਬਾਇਕਾਟ

10/07/2020 7:51:20 AM

ਦੁਬਈ, (ਏ. ਐੱਨ. ਆਈ.)- ਪਾਕਿਸਤਾਨ ਨਾਲ ਮਿਲ ਕੇ ਤੁਰਕੀ ਇਸਲਾਮੀ ਮੁਲਕਾਂ ਦਾ ਨਵਾਂ ਆਕਾ ਬਣਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ ਜਿਸ ਨਾਲ ਸਾਊਦੀ ਅਰਬ ਭੜਕਿਆ ਹੋਇਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੇਏਪ ਐਰਦੋਗਨ ਦੇ ਬਿਆਨ ਤੋਂ ਬਾਅਦ ਸਾਊਦੀ ਅਰਬ ਦੇ ਚੈਂਬਰ ਆਫ ਕਾਮਰਸ ਦੇ ਮੁਖੀ ਅਜਲਾਨ ਅਲ ਅਜਲਾਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਡੀ ਲੀਡਰਸ਼ਿਪ ਖ਼ਿਲਾਫ਼ ਤੁਰਕੀ ਸਰਕਾਰ ਦੀ ਲਗਾਤਾਰ ਦੁਸ਼ਮਣੀ ਦੇ ਜਵਾਬ ’ਚ ਹਰ ਸਾਊਦੀ ਵਪਾਰੀ ਅਤੇ ਖਪਤਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੁਰਕੀ ਦੀ ਹਰ ਚੀਜ਼ ਦਾ ਬਾਇਕਾਟ ਕਰੇ। ਭਾਵੇਂ ਉਹ ਦਰਾਮਦ, ਨਿਵੇਸ਼ ਜਾਂ ਸੈਰ-ਸਪਾਟਾ ਦੇ ਪੱਧਰ ’ਤੇ ਕਿਉਂ ਨਾ ਹੋਵੇ।

ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਇਹ ਨਹੀਂ ਭੁੱਲਣਾ ਚਾਹੀਦਾ ਕੀ ਜੋ ਦੇਸ਼ ਸਵਾਲਾਂ ਨਾਲ ਘਿਰੇ ਹੋਏ ਹਨ ਉਨ੍ਹਾਂ ਦੀ ਕੱਲ ਕੋਈ ਹੋਂਦ ਨਹੀਂ ਸੀ ਅਤੇ ਸ਼ਾਇਦ ਆਉਣ ਵਾਲੇ ਦਿਨਾਂ ’ਚ ਵੀ ਉਹ ਮੌਜੂਦ ਨਾ ਹੋਣ ਪਰ ਇਹ ਅੱਲਾ ਦੀ ਇਜਾਜ਼ਤ ਨਾਲ ਇਸ ਖੇਤਰ ’ਚ ਆਪਣਾ ਝੰਡਾ ਹਮੇਸ਼ਾ ਲਈ ਲਹਿਰਾਉਂਦੇ ਰਹਿਣਗੇ।

ਖਸ਼ੋਗੀ ਦੇ ਕਤਲ ਤੋਂ ਬਾਅਦ ਵੀ ਵਧਿਆ ਸੀ ਤਣਾਅ

2018 ’ਚ ਇਸਤਾਂਬੁਲ ’ਚ ਸਾਊਦੀ ਅਰਬ ਦੇ ਦੂਤਘਰ ’ਚ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਤੋਂ ਬਾਅਦ ਤੋਂ ਵੀ ਦੋਨਾਂ ਦੇਸ਼ਾਂ ’ਚ ਸਬੰਧ ਤਣਾਅਪੂਰਨ ਹੋ ਗਏ ਸਨ। ਐਰਦੋਗਨ ਨੇ ਕਿਹਾ ਸੀ ਕਿ ਖਸ਼ੋਗੀ ਦਾ ਕਤਲ ਕਰਨ ਦਾ ਹੁਕਮ ਸਾਊਦੀ ਸਰਕਾਰ ਨੇ ਦਿੱਤਾ ਪਰ ਉਨ੍ਹਾਂ ਕਦੇ ਵੀ ਸਿੱਧੇ ਤੌਰ ’ਤੇ ਕ੍ਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਦੋਸ਼ੀ ਨਹੀਂ ਠਹਿਰਾਇਆ। ਹਾਲਾਂਕਿ, ਕਈ ਹਲਕਿਆਂ ’ਚ ਸਾਊਦੀ ਕ੍ਰਾਉਨ ਪ੍ਰਿੰਸ ਦਾ ਨਾਂ ਜ਼ਰੂਰ ਲਿਆ ਗਿਆ। ਕੁਝ ਦਿਨ ਪਹਿਲਾਂ ਹੀ ਬੰਦ ਕਮਰੇ ’ਚ ਹੋਈ ਸੁਣਵਾਈ ਤੋਂ ਬਾਅਦ ਸਾਊਦੀ ਅਰਬ ਦੀ ਅਦਾਲਤ ਨੇ ਖਸ਼ੋਗੀ ਕਤਲਕਾਂਡ ਦੇ 5 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨੂੰ ਪਲਟ ਦਿੱਤਾ ਸੀ। ਕੋਰਟ ਨੇ ਇਨ੍ਹਾਂ ਨੂੰ 20-20 ਸਾਲ ਦੇ ਜੇਲ ਦੀ ਸਜ਼ਾ ਸੁਣਾਈ ਸੀ। ਓਦੋਂ ਇਹ ਦਲੀਲ ਦਿੱਤੀ ਗਈ ਸੀ ਕਿ ਖਸ਼ੋਗੀ ਦੇ ਬੇਟੇ ਨੇ ਇਨ੍ਹਾਂ ਦੋਸ਼ੀਆਂ ਨੂੰ ਮੁਆਫ ਕਰ ਦਿੱਤਾ ਹੈ। ਇਸਦੇ ਬਦਲੇ ਉਨ੍ਹਾਂ ਨੂੰ ਸਾਊਦੀ ਸਰਕਾਰ ਨੇ ਮੋਟਾ ਮੁਆਵਜ਼ਾ ਦਿੱਤਾ ਸੀ।

ਇਜ਼ਰਾਇਲ ਵੀ ਤੁਰਕੀ ਦੇ ਖਿਲਾਫ

ਇਜ਼ਰਾਇਲ ਵੀ ਇਸ ਮਾਮਲੇ ’ਚ ਕਿਤੇ ਨਾ ਕਿਤੇ ਤੁਰਕੀ ਦੇ ਖਿਲਾਫ ਸਾਊਦੀ ਅਰਬ ਦਾ ਸਾਥ ਦਿੰਦੇ ਦਿਖਾਈ ਦੇ ਰਿਹਾ ਹੈ। ਇਜ਼ਰਾਇਲ ਨੇ ਨਾਟੋ ਨੂੰ ਕਿਹਾ ਹੈ ਕਿ ਉਹ ਤੁਰਕੀ ਦੀਆਂ ਹਰਕਤਾਂ ’ਤੇ ਰੋਕ ਲਗਾਏ, ਨਹੀਂ ਤਾਂ ਉਹ ਦੂਸਰੇ ਬਦਲਾਂ ’ਤੇ ਵਿਚਾਰ ਕਰਨ ਲਈ ਮਜ਼ਬੂਰ ਹੋਵੇਗਾ। ਇਸ ਅਪੀਲ ’ਚ ਤੁਰਕੀ ’ਤੇ ਫੌਜੀ ਕਾਰਵਾਈ ਕਰਨ ਦੀ ਲੁਕੀ ਧਮਕੀ ਸਾਫ ਤੌਰ ’ਤੇ ਸਮਝੀ ਜਾ ਸਕਦੀ ਹੈ।

1818 ਦੇ ਜ਼ਖਮ ਅੱਜ ਵੀ ਹਨ ਤਾਜ਼ੇ

ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਨਫ਼ਰਤ ਦੀ ਜੇਕਰ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਜੁਲਾਈ 2020 ’ਚ ਇਸਤਾਂਬੁਲ ਸਥਿਤ ਜਿਸ ਹਾਗਿਆ ਸੋਫੀਆ ਨੂੰ ਐਰਦੋਗਨ ਨੇ ਮਸਜਿਦ ਕਰਾਰ ਦਿੱਤਾ ਸੀ ਉਸ ਮਸਜਿਦ ਨਾਲ ਸਾਊਦੀ ਅਰਬ ਦੀਆਂ ਬੇਹੱਦ ਤਿੱਖੀਆਂ ਯਾਦਾਂ ਜੁੜੀਆਂ ਹਨ ਜਿਸ ਦੇ ਪਿੱਛੇ ਤੁਰਕੀ ਹੈ। ਸਾਲ 1818 ’ਚ ਹਾਗਿਆ ਸੋਫੀਆ ਦੇ ਠੀਕ ਸਾਹਮਣੇ ਸਾਊਦੀ ਅਰਬ ਦੇ ਕਿੰਗ ਅਬਦੁੱਲਾਹ ਬਿਨ ਸਊਦ ਦਾ ਸਿਰ ਕਲਮ ਕੀਤਾ ਗਿਆ ਸੀ। ਸ਼ਾਹ ਅਬਦੁੱਲਾਹ ਬਿਨ ਸਊਦ ਅਤੇ ਵਹਾਬੀ ਇਮਾਮ ਨੂੰ ਉਸਮਾਨੀਆ ਸਲਤਨਤ ਯਾਨੀ ਆਟੋਮਨ ਸਮਰਾਜ ਦੇ ਫ਼ੌਜੀ ਜੰਜ਼ੀਰਾਂ ਨਾਲ ਬੰਨ੍ਹ ਕੇ ਇਸਤਾਂਬੁਲ ਲਿਆਏ ਸਨ। ਜਦੋਂ ਅਬਦੁੱਲਾਹ ਦਾ ਸਿਰ ਕਲਮ ਕੀਤਾ ਗਿਆ ਤਾਂ ਹਾਗਿਆ ਸੋਫੀਆ ਦੇ ਬਾਹਰ ਭੀੜ ਜਸ਼ਨ ਮਨਾਇਆ ਸੀ। ਇੰਨਾ ਹੀ ਨਹੀਂ ਉਸ ਦੇ ਕੱਟੇ ਹੋਏ ਸਿਰ ਨੂੰ 3 ਦਿਨਾਂ ਤੱਕ ਲੋਕਾਂ ਦੇ ਦੇਖਣ ਲਈ ਰੱਖਿਆ ਗਿਆ ਸੀ। ਇਸ ਦੌਰਾਨ ਆਟੋਮਨ ਸਮਰਾਜ ਦੇ ਫੌਜੀਆਂ ਨੇ ਪਹਿਲਾਂ ਸਾਊਦੀ ਸਟੇਟ ਦੀ ਰਾਜਧਾਨੀ ਦਿਰਿਆ ਅਤੇ ਰਿਆਦ ਦੇ ਬਾਹਰੀ ਇਲਾਕਿਆਂ ’ਤੇ ਹਮਲਾ ਕਰ ਕੇ ਨੁਕਸਾਨ ਪਹੁੰਚਾਇਆ ਸੀ। ਆਟੋਮਨ ਸਮਰਾਜ ਹੀ 1924 ’ਚ ਸਿਮਟ ਕੇ ਆਧੁਨਿਕ ਤੁਰਕੀ ਬਣਿਆ ਅਤੇ ਅੱਜ ਦਾ ਤੁਰਕੀ ਆਟੋਮਨ ਨੂੰ ਆਪਣਾ ਮਹਾਨ ਇਤਿਹਾਸ ਮੰਨਦਾ ਹੈ। ਇਸ ਘਟਨਾ ਨੇ ਸਾਊਦੀ ਅਰਬ ਨੂੰ ਕਦੇ ਨਾ ਭੁੱਲਣ ਵਾਲਾ ਦਰਦ ਦਿੱਤਾ ਹੈ। ਇਹੋ ਕਾਰਣ ਹੈ ਕਿ 1818 ਦੇ ਜ਼ਖਮ ਅੱਜ ਵੀ ਤਾਜ਼ੇ ਹਨ।


Lalita Mam

Content Editor

Related News