ਸਾਊਦੀ ''ਚ ਔਰਤਾਂ ਦੀ ਯਾਤਰਾ ਸਬੰਧੀ ਪਾਬੰਦੀ ਹੋਈ ਖਤਮ

Wednesday, Aug 21, 2019 - 11:02 AM (IST)

ਸਾਊਦੀ ''ਚ ਔਰਤਾਂ ਦੀ ਯਾਤਰਾ ਸਬੰਧੀ ਪਾਬੰਦੀ ਹੋਈ ਖਤਮ

ਰਿਆਦ (ਭਾਸ਼ਾ)— ਸਾਊਦੀ ਅਰਬ ਵਿਚ 21 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਾਸਪੋਰਟ ਹਾਸਲ ਕਰਨ ਅਤੇ ਕਿਸੇ ਪੁਰਸ਼ ਗਾਰਡੀਅਨ ਦੀ ਇਜਾਜ਼ਤ ਦੇ ਬਿਨਾਂ ਵਿਦੇਸ਼ ਯਾਤਰਾ ਦੀ ਇਜਾਜ਼ਤ ਸਬੰਧੀ ਇਤਿਹਾਸਿਕ ਸੁਧਾਰਾਂ ਨੂੰ ਲਾਗੂ ਕਰ ਦਿੱਤਾ ਗਿਆ। ਇਨ੍ਹਾਂ ਸੁਧਾਰਾਂ ਦਾ ਐਲਾਨ ਇਸੇ ਮਹੀਨੇ ਦੇ ਸ਼ੁਰੂ ਵਿਚ ਕੀਤਾ ਗਿਆ ਸੀ। ਮੰਗਲਵਾਰ ਨੂੰ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਗਿਆ। ਇਸ ਕਦਮ ਨਾਲ ਸਖਤ ਗਾਰਡੀਅਨਸ਼ਿਪ ਪ੍ਰਣਾਲੀ ਕਮਜ਼ੋਰ ਹੋਈ ਹੈ, ਜੋ ਲੰਬੇ ਸਮੇਂ ਤੋਂ ਔਰਤਾਂ ਦੇ ਸ਼ੋਸ਼ਣ ਦਾ ਪ੍ਰਤੀਕ ਰਹੀ ਹੈ। 

ਵਿਭਾਗ ਨੇ ਟਵਿੱਟਰ 'ਤੇ ਕਿਹਾ,''ਪਾਸਪੋਰਟ ਵਿਭਾਗ ਨੇ ਪਾਸਪੋਰਟ ਦੀ ਮਿਆਦ ਵਧਾਉਣ ਜਾਂ ਪਾਸਪੋਰਟ ਜਾਰੀ ਕਰਨ ਅਤੇ ਦੇਸ਼ ਦੇ ਬਾਹਰ ਯਾਤਰਾ ਦੀ ਇਜਾਜ਼ਤ ਸੰਬੰਧੀ 21 ਸਾਲ ਅਤੇ ਉਸ ਤੋਂ ਵੱਧ ਉਮਰ ਦੀਆਂ ਔਰਤਾਂ ਦੀਆਂ ਐਪਲੀਕੇਸ਼ਨਾਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।'' ਇਸ ਤੋਂ ਪਹਿਲਾਂ ਔਰਤਾਂ ਨੂੰ ਇਨ੍ਹਾਂ ਕੰਮਾਂ ਲਈ ਆਪਣੇ ਪੁਰਸ਼ ਗਾਰਡੀਅਨ ਜਿਵੇਂ ਪਤੀ, ਪਿਤਾ ਜਾਂ ਹੋਰ ਪੁਰਸ਼ ਰਿਸ਼ਤੇਦਾਰ ਦੀ ਇਜਾਜ਼ਤ ਦੀ ਲੋੜ ਪੈਂਦੀ ਸੀ। 

ਇਸ ਦੇ ਇਲਾਵਾ ਸਾਊਦੀ ਅਰਬ ਵਿਚ ਔਰਤਾਂ ਨੂੰ ਬੱਚੇ ਦੇ ਜਨਮ, ਵਿਆਹ ਜਾਂ ਤਲਾਕ ਨੂੰ ਅਧਿਕਾਰਕ ਰੂਪ ਨਾਲ ਰਜਿਸਟਰਡ ਕਰਾਉਣ ਦਾ ਅਧਿਕਾਰ ਮਿਲ ਗਿਆ ਹੈ। ਉਨ੍ਹਾਂ ਨੂੰ ਪੁਰਸ਼ਾਂ ਵਾਂਗ ਹੀ ਨਾਬਾਲਗ ਬੱਚਿਆਂ ਦੀ ਸਰਪ੍ਰਸਤ ਵਜੋਂ ਮਾਨਤਾ ਦਿੱਤੀ ਗਈ ਹੈ। ਇਨ੍ਹਾਂ ਸੁਧਾਰਾਂ ਦੀ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਤਾਰੀਫ ਹੋਈ ਹੈ ਪਰ ਕੱਟੜ ਰੂੜ੍ਹੀਵਾਦੀਆਂ ਨੇ ਇਨ੍ਹਾਂ ਸੁਧਾਰਾਂ ਨੂੰ ਗੈਰ ਇਸਲਾਮੀ ਦੱਸ ਕੇ ਇੰਨ੍ਹਾਂ ਦੀ ਨਿੰਦਾ ਕੀਤੀ ਹੈ।


author

Vandana

Content Editor

Related News