ਅੱਜ ਤੋਂ 11 ਦੇਸ਼ਾਂ ਦੇ ਨਾਗਰਿਕ ਸਾਊਦੀ ਅਰਬ ਲਈ ਭਰ ਸਕਣਗੇ ਉਡਾਣ, ਭਾਰਤੀਆਂ ''ਤੇ ਬੈਨ ਜਾਰੀ
Sunday, May 30, 2021 - 01:07 PM (IST)
ਰਿਆਦ (ਬਿਊਰੋ): ਕੋਰੋਨਾ ਲਾਗ ਦੇ ਕਹਿਰ ਤੋਂ ਬਚਾਅ ਲਈ ਜ਼ਿਆਦਾਤਰ ਦੇਸ਼ਾਂ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਲਗਾਈ ਹੋਈ ਹੈ। ਇਸ ਦੌਰਾਨ ਸਾਊਦੀ ਅਰਬ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਸਾਊਦੀ ਅਰਬ ਨੇ ਐਤਵਾਰ ਸਵੇਰੇ ਤੋਂ 11 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ 'ਤੇ ਲੱਗੀ ਰੋਕ ਹਟਾ ਲਈ ਹੈ। ਇਹ ਪਾਬੰਦੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਗਈ ਸੀ। ਭਾਵੇਂਕਿ ਇਹਨਾਂ 11 ਦੇਸਾਂ ਦੇ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਦੌਰਾਨ ਕੁਆਰੰਟੀਨ ਦੀ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਸਾਊਦੀ ਅਰਬ ਨੇ ਹਾਲ ਵੀ ਭਾਰਤ ਸਮੇਤ 9 ਦੇਸ਼ਾਂ ਦੇ ਨਾਗਰਿਕਾਂ 'ਤੇ ਯਾਤਰਾ ਪਾਬੰਦੀ ਬਰਕਰਾਰ ਰੱਖੀ ਹੋਈ ਹੈ।
ਜਿਹੜੇ 11 ਦੇਸ਼ਾਂ ਦੇ ਨਾਗਰਿਕਾਂ ਨੂੰ ਸਾਊਦੀ ਅਰਬ ਨੇ ਛੋਟ ਦਿੱਤੀ ਹੈ ਉਹਨਾਂ ਵਿਚ ਯੂ.ਏ.ਈ., ਜਰਮਨੀ, ਅਮਰੀਕਾ,ਆਇਰਲੈਂਡ, ਇਟਲੀ, ਪੁਰਤਗਲ, ਯੂਕੇ, ਸਵੀਡਨ, ਸਵਿਟਜ਼ਰਲੈਂਡ, ਫਰਾਂਸ ਅਤੇ ਜਾਪਾਨ ਸ਼ਾਮਲ ਹਨ। ਸਾਊਦੀ ਸਰਕਾਰੀ ਸਮਾਚਾਰ ਏਜੰਸੀ ਐੱਸ.ਪੀ.ਏ. ਦੀ ਰਿਪੋਰਟ ਮੁਤਾਬਕ ਇਹਨਾਂ 11 ਦੇਸ਼ਾਂ ਦੇ ਯਾਤਰੀਆਂ ਨੂੰ ਐਤਵਾਰ ਮਤਲਬ 30 ਮਈ ਤੋਂ ਦੇਸ਼ ਵਿਚ ਆਉਣ ਦੀ ਇਜਾਜ਼ਤ ਹੋਵੇਗੀ। ਗਲਫ ਨਿਊਜ਼ ਨੇ ਸਾਊਦੀ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਫੈ਼ਸਲਾ ਇਹਨਾਂ 11 ਦੇਸ਼ਾ ਵਿਚ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਾਰਗਰ ਕਦਮਾਂ ਕਾਰਨ ਲਿਆ ਗਿਆ ਹੈ। ਸਾਊਦੀ ਅਰਬ ਨੇ ਜਿਹੜੇ 9 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ਤੋਂ ਪਾਬੰਦੀ ਨਹੀਂ ਹਟਾਈ ਹੈ ਉਹਨਾਂ ਵਿਚ ਭਾਰਤ, ਪਾਕਿਸਤਾਨ ,ਅਰਜਨਟੀਨਾ, ਬ੍ਰਾਜ਼ੀਲ, ਤੁਰਕੀ, ਦੱਖਣੀ ਅਫਰੀਕਾ, ਲੇਬਨਾਨ, ਮਿਸਰ ਅਤੇ ਇੰਡੋਨੇਸ਼ੀਆ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ ਵਧੀ ਟੀਕਾਕਰਨ ਦਰ, ਰਾਜਾਂ ਅਤੇ ਸ਼ਹਿਰਾਂ ਨੇ ਪਾਬੰਦੀਆਂ 'ਚ ਦਿੱਤੀ ਢਿੱਲ
ਸਾਊਦੀ ਅਰਬ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਲਾਜ਼ਮੀ ਤੌਰ 'ਤੇ 7 ਦਿਨਾਂ ਦਾ ਕੁਆਰੰਟੀਨ ਪੀਰੀਅਡ ਆਪਣੇ ਖਰਚ 'ਤੇ ਪੂਰਾ ਕਰਨਾ ਹੋਵੇਗਾ। ਇਸ ਲਈ ਸਾਊਦੀ ਅਰਬ ਨੇ ਫੈਸਲਿਟੀ ਤੈਅ ਕੀਤੀ ਹੋਈ ਹੈ। ਇਹ ਕੁਆਰੰਟੀਨ ਪੀਰੀਅਡ ਉਸੇ ਦਿਨ ਤੋਂ ਸ਼ੁਰੂ ਹੁੰਦਾ ਹੈ ਜਿਸ ਦਿਨ ਤੋਂ ਬਾਹਰੋਂ ਕੋਈ ਯਾਤਰੀ ਸਾਊਦੀ ਅਰਬ ਪਹੁੰਚਦਾ ਹੈ। 7ਵੇਂ ਦਿਨ ਅਜਿਹੇ ਯਾਤਰੀਆਂ ਨੂੰ RT-PCR ਟੈਸਟ ਕਰਵਾਉਣਾ ਪੈਂਦਾ ਹੈ। ਟੈਸਟ ਦਾ ਨਤੀਜਾ ਨੈਗੇਟਿਵ ਆਉਣ 'ਤੇ ਹੀ ਕੁਆਰੰਟੀਨ ਫੈਸਲਿਟੀ ਛੱਡਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇੱਥੇ ਦੱਸ ਦਈਏ ਕਿ ਸਾਊਦੀ ਅਰਬ ਨੇ ਇਸ ਸਾਲ ਫਰਵਰੀ ਵਿਚ ਕਈ ਦੇਸ਼ਾਂ ਤੋਂ ਆਉਣ ਵਾਲੀ ਫਲਾਈਟਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਸਿਰਫ ਸਾਊਦੀ ਨਾਗਰਿਕਾਂ, ਡਿਪਲੋਮੈਟਾਂ ਅਤੇ ਸਿਹਤ ਵਰਕਰਾਂ ਨੂੰ ਇਸ ਪਾਬੰਦੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ।
ਨੋਟ- ਅੱਜ ਤੋਂ 11 ਦੇਸ਼ਾਂ ਦੇ ਨਾਗਰਿਕ ਸਾਊਦੀ ਅਰਬ ਲਈ ਭਰ ਸਕਣਗੇ ਉਡਾਣ, ਭਾਰਤੀਆਂ 'ਤੇ ਬੈਨ ਜਾਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।