ਸਤਨਾਮ ਦਾ ਕਤਲ ਬਦਲੇ ਦੀ ਭਾਵਨਾ ਤਹਿਤ 2 ਵਿਅਕਤੀਆਂ ਨੇ ਕੀਤਾ : ਦੋਸ਼ੀ

01/14/2018 4:31:26 AM

ਲੰਡਨ (ਸਮਰਾ)-ਸਟੈਫੋਰਡ ਦੀ ਅਦਾਲਤ ਵਿਚ ਸ਼ਰੌਪਸ਼ਾਇਰ ਦੇ ਇਕ ਪੰਜਾਬੀ ਢਾਬਾ ਮਾਲਕ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਕਥਿਤ ਦੋਸ਼ੀ ਨੇ ਦਾਅਵਾ ਕੀਤਾ ਕਿ ਇਹ ਕਤਲ 2 ਬੰਦਿਆਂ ਵਲੋਂ ਬਦਲੇ ਦੀ ਭਾਵਨਾ ਤਹਿਤ ਕੀਤਾ ਗਿਆ। ਸਟੈਫੋਰਡ ਕਰਾਊਨ ਕੋਰਟ 'ਚ ਚੱਲ ਰਹੇ 67 ਸਾਲਾ ਸਤਨਾਮ ਸਿੰਘ ਬਲੂਗਰ ਦੇ ਕਤਲ ਮਾਮਲੇ 'ਚ ਕਥਿਤ ਦੋਸ਼ੀ ਬਲਕਾਰ ਸਿੰਘ ਜੋ ਕਿ ਗ਼ੈਰ-ਕਾਨੂੰਨੀ ਪ੍ਰਵਾਸੀ ਹੈ, ਨੇ ਦਾਅਵਾ ਕੀਤਾ ਕਿ ਉਹ ਆਪਣੇ ਮਾਲਕ ਦੇ ਕਤਲ ਲਈ ਜ਼ਿੰਮੇਵਾਰ ਨਹੀਂ, ਸਗੋਂ ਇਹ ਕਤਲ ਢਾਬੇ 'ਤੇ ਆਏ 2 ਹੋਰ ਲੋਕਾਂ ਨੇ ਕੀਤਾ ਸੀ। ਬਲਕਾਰ ਸਿੰਘ ਨੇ ਇੰਟਰਪ੍ਰੇਟਰ ਦੀ ਮਦਦ ਨਾਲ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ 2 ਭਾਰਤੀ ਵਿਅਕਤੀ ਢਾਬੇ 'ਤੇ ਪਿਛਲੇ ਦਰਵਾਜ਼ੇ 'ਚੋਂ ਆਏ ਸਨ ਜਦਕਿ ਢਾਬਾ ਬੰਦ ਹੋ ਚੁੱਕਾ ਸੀ। ਇਹ ਘਟਨਾ ਪਿਛਲੇ ਸਾਲ 26 ਜੂਨ ਨੂੰ ਵਾਪਰੀ ਦੱਸੀ ਗਈ, ਜਦ ਸ਼ਰਿਊਜ਼ਬਰੀ ਅਤੇ ਵੈਲਸ਼ਪੂਲ ਦੇ ਵਿਚਾਲੇ ਹਾਫ਼ਵੇ ਹਾਊਸ ਵਿਖੇ ਸਥਿਤ ਟੋਨੀਜ਼ ਡਾਈਨਰ ਰੈਸਟੋਰੈਂਟ ਦੇ ਮਾਲਕ ਸਤਨਾਮ ਸਿੰਘ ਬਲੂਗਰ ਦੀ ਲਾਸ਼ ਉਸ ਦੇ ਪੁੱਤਰ ਨੇ ਵੇਖੀ ਸੀ। ਇਸ ਦੌਰਾਨ 47,000 ਪਾਊਂਡ ਚੋਰੀ ਹੋਏ ਵੀ ਦੱਸੇ ਜਾਂਦੇ ਹਨ, ਜਦਕਿ ਢਾਬੇ 'ਤੇ ਕੰਮ ਕਰਦੇ ਬਲਕਾਰ ਸਿੰਘ ਨੂੰ ਜਦ ਉਸ ਦੇ ਬਰਮਿੰਘਮ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਦੇ ਕੋਲੋਂ 47,000 ਪਾਊਂਡ ਵੀ ਬਰਾਮਦ ਕੀਤੇ ਗਏ ਸਨ। ਸੁਣਵਾਈ ਦੌਰਾਨ ਸਰਕਾਰੀ ਵਕੀਲ ਡੇਵਿਡ ਮੈਸਨ ਕਿਊ ਸੀ ਨੇ ਬਲਕਾਰ ਸਿੰਘ ਨੂੰ ਪੁੱਛਿਆ ਕਿ ਜੇਕਰ 2 ਵਿਅਕਤੀਆਂ ਨੇ ਕਤਲ ਕੀਤਾ ਹੈ ਤਾਂ ਦੂਜੇ ਹਮਲਾਵਰ ਦੇ ਪੈਰਾਂ ਦੇ ਨਿਸ਼ਾਨ ਉੱਥੇ ਕਿਉਂ ਨਹੀਂ ਹਨ, ਜਿਸ 'ਤੇ ਬਲਕਾਰ ਨੇ ਕਿਹਾ ਕਿ ਇਸ ਬਾਰੇ ਉਸ ਨੂੰ ਨਹੀਂ ਪਤਾ, ਪਰ ਉਨ੍ਹਾਂ ਦੋਵਾਂ ਨੇ ਕਤਲ ਕੀਤਾ ਹੈ। ਮੁਕੱਦਮੇ ਦੀ ਸੁਣਵਾਈ ਅਜੇ ਜਾਰੀ ਹੈ।  


Related News