ਸਾਰਾਹ ਫੁੱਲਰ ਨੇ ਸਿਰਜਿਆ ਇਤਿਹਾਸ, ਪਾਵਰ 5 ''ਚ ਫੁੱਟਬਾਲ ਖੇਡਣ ਵਾਲੀ ਬਣੀ ਪਹਿਲੀ ਬੀਬੀ
Monday, Nov 30, 2020 - 02:06 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਵੈਂਡਰਬਿਲਟ ਯੂਨੀਵਰਸਿਟੀ ਦੀ ਸਾਰਾਹ ਫੁੱਲਰ ਨੇ ਸ਼ਨੀਵਾਰ ਨੂੰ ਕਾਲਜ ਫੁੱਟਬਾਲ ਖੇਡ 'ਚ ਇਤਿਹਾਸ ਰਚ ਦਿੱਤਾ। ਇਸ ਦੌਰਾਨ ਉਹ ਮਿਸੂਰੀ ਦੀ ਯੂਨੀਵਰਸਿਟੀ ਦੇ ਖਿਲਾਫ਼ ਕਿੱਕ ਆਫ ਕਰਕੇ ਪਾਵਰ 5 ਵਿੱਚ ਖੇਡਣ ਵਾਲੀ ਪਹਿਲੀ ਬੀਬੀ ਬਣ ਗਈ ਹੈ। ਫੁੱਲਰ ਨੇ ਖੇਡ ਦੀ ਤੀਜੀ ਤਿਮਾਹੀ ਵਿੱਚ ਆਪਣੀ ਸ਼ੁਰੂਆਤੀ ਕਿੱਕ ਮਾਰੀ ਜੋ ਕਿ 35-ਗਜ਼ ਵਾਲੀ ਲਾਈਨ ਤੋਂ ਉੱਪਰ ਤੱਕ ਗਈ ਸੀ।
ਵੈਂਡਰਬਿਲਟ ਐਥਲੈਟਿਕਸ ਦੀ ਵੈਬਸਾਈਟ ਦੇ ਮੁਤਾਬਕ, ਉਹ ਸਾਊਥ ਈਸਟਨ ਕਾਨਫਰੰਸ ਅਤੇ ਪਾਵਰ 5 ਕਾਨਫਰੰਸ ਗੇਮ ਵਿੱਚ ਇੱਕ ਫੁੱਟਬਾਲ ਗੇਮ ਦੌਰਾਨ ਅਧਿਕਾਰਤ ਤੌਰ 'ਤੇ ਮੈਦਾਨ ਵਿੱਚ ਉਤਰਨ ਵਾਲੀ ਪਹਿਲੀ ਬੀਬੀ ਬਣ ਗਈ ਹੈ। ਪਾਵਰ 5 ਸਭ ਤੋਂ ਵੱਡੀਆਂ ਐਥਲੈਟਿਕ ਕਾਨਫਰੰਸਾਂ ਤੋਂ ਬਣਿਆ ਹੈ, ਜਿਸ ਵਿੱਚ ਐਸ ਈ ਸੀ, ਐਟਲਾਂਟਿਕ ਕੋਸਟ ਕਾਨਫਰੰਸ (ਏ ਸੀ ਸੀ), ਬਿਗ ਟੈਨ ਕਾਨਫਰੰਸ, ਵੱਡੀ 12 ਕਾਨਫਰੰਸ ਅਤੇ ਪੈਕ -12 ਕਾਨਫਰੰਸ ਆਦਿ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਸਬੇਨ 'ਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੋਸ ਮੁਜ਼ਾਹਰਾ
ਫੁੱਲਰ ਵੈਂਡਰਬਿਲਟ ਮਹਿਲਾ ਫੁੱਟਬਾਲ ਟੀਮ ਲਈ ਇੱਕ ਗੋਲਕੀਪਰ ਹੈ ਪਰ ਸਕੂਲ ਅਤੇ ਈ ਐਸ ਪੀ ਐਨ ਦੇ ਮੁਤਾਬਕ, ਇਸ ਸਮੇਂ ਵੈਂਡਰਬਿਲਟ ਦੇ ਬਹੁਤ ਸਾਰੇ ਮਾਹਰ ਕੋਵਿਡ-19 ਦੇ ਕਾਰਨ ਇਕਾਂਤਵਾਸ ਵਿੱਚ ਹਨ। ਮੁੱਖ ਫੁੱਟਬਾਲ ਕੋਚ ਡੈਰੇਕ ਮੈਸਨ ਮੁਤਾਬਕ, ਫੁੱਲਰ ਇਸ ਸਮੇਂ ਉਹਨਾਂ ਲਈ ਇੱਕ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ ਫੁੱਲਰ ਨੇ ਵੀ ਹੋਰ ਮੁਟਿਆਰਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਹੈਲਮੇਟ ਦੇ ਪਿਛਲੇ ਪਾਸੇ "ਪਲੇਅ ਏ ਗਰਲ" ਦਾ ਸੁਨੇਹਾ ਲਿਖਵਾਇਆ ਹੈ।