ਸਾਨ ਫਰਾਂਸਿਸਕੋ ਲਗਾ ਸਕਦੈ ਕਈ ਮੰਜ਼ਲਾਂ ਵਾਲੀਆਂ ਇਮਾਰਤਾਂ ''ਚ ਸਿਗਰਟਨੋਸ਼ੀ ''ਤੇ ਪਾਬੰਦੀ
Saturday, Nov 14, 2020 - 12:37 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸਾਨ ਫਰਾਂਸਿਸਕੋ ਵਿਚ ਅਪਾਰਟਮੈਂਟਾਂ ਅਤੇ ਈ ਮੰਜ਼ਲਾਂ ਵਾਲੀਆਂ ਰਿਹਾਇਸ਼ੀ ਇਮਾਰਤਾਂ ਵਿਚ ਸਿਗਰਟਨੋਸ਼ੀ ਬੰਦ ਕੀਤੀ ਜਾ ਸਕਦੀ ਹੈ। ਇਸ ਸੰਬੰਧੀ ਸਿਟੀ ਬੋਰਡ ਆਫ ਸੁਪਰਵਾਈਜ਼ਰਜ ਇਕ ਆਰਡੀਨੈਂਸ ਦਾ ਇੰਤਜ਼ਾਰ ਕਰ ਰਿਹਾ ਹੈ ਜੋ ਤਿੰਨ ਜਾਂ ਵਧੇਰੇ ਇਕਾਈਆਂ ਵਾਲੇ ਕਈ ਮੰਜ਼ਲਾ ਰਿਹਾਇਸ਼ ਕੰਪਲੈਕਸਾਂ ਵਿਚ ਸਿਗਰਟਨੋਸ਼ੀ 'ਤੇ ਪਾਬੰਦੀ ਲਗਾਏਗਾ।
ਸੁਪਰਵਾਈਜ਼ਰ ਨੌਰਮਨ ਯੀ ਦੇ ਸਹਾਇਕ ਕੈਟਲਿਨ ਵੇਜਬੀ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ ਹਾਊਸਿੰਗ ਕੰਪਲੈਕਸਾਂ ਸਿਰਫ ਕੁੱਝ ਥਾਵਾਂ ਜਿਵੇਂ ਕਿ ਐਂਟਰੀ, ਐਲੀਵੇਟਰਾਂ, ਪੌੜੀਆਂ ਅਤੇ ਮੇਲ ਰੂਮਜ਼ ਆਦਿ 'ਤੇ ਹੀ ਸਿਗਰਟਨੋਸ਼ੀ ਦੀ ਮਨਾਹੀ ਹੈ। ਵੇਜਬੀ ਅਨੁਸਾਰ ਨਵਾਂ ਆਰਡੀਨੈਂਸ ਇਨ੍ਹਾਂ ਨਿਯਮਾਂ ਨੂੰ ਕਿਰਾਏ ਵਾਲੀਆਂ ਯੂਨਿਟਾਂ ਤੱਕ ਵੀ ਵਧਾਏਗਾ।
ਇਸ ਅਧਿਕਾਰੀ ਅਨੁਸਾਰ ਸਾਨ ਫਰਾਂਸਿਸਕੋ ਦੀ ਲਗਭਗ ਅੱਧੀ ਆਬਾਦੀ ਮਲਟੀ-ਯੂਨਿਟ ਹਾਊਸਿੰਗ ਵਿਚ ਰਹਿੰਦੀ ਹੈ, ਇਸ ਲਈ ਬਹੁਤ ਸਾਰੇ ਲੋਕ ਇਸ ਪਰਿਵਰਤਨ ਨਾਲ ਪ੍ਰਭਾਵਿਤ ਹੋਣਗੇ। ਇਹ ਆਰਡੀਨੈਂਸ 3 ਨਵੰਬਰ ਨੂੰ ਪੇਸ਼ ਕੀਤਾ ਗਿਆ ਸੀ ਅਤੇ ਉਮੀਦ ਕੀਤੀ ਜਾਂਦੀ ਹੈ ਕਿ 1 ਦਸੰਬਰ ਨੂੰ ਪੂਰੇ ਸੁਪਰਵਾਈਜ਼ਰਾਂ ਦੇ ਬੋਰਡ ਅੱਗੇ ਵੋਟ ਪਾਉਣ ਲਈ ਪੇਸ਼ ਕੀਤਾ ਜਾਵੇਗਾ। ਜੇ ਬੋਰਡ ਇਸ ਤਬਦੀਲੀ ਲਈ ਵੋਟ ਪਾਉਂਦਾ ਹੈ, ਤਾਂ ਸਾਨ ਫਰਾਂਸਿਸਕੋ ਕੈਲੀਫੋਰਨੀਆ ਦੇ 63 ਸ਼ਹਿਰਾਂ ਅਤੇ ਕਾਉਂਟੀਆਂ ਵਿਚੋਂ ਇਕ ਹੋਵੇਗਾ ਜਿਸ ਵਿਚ ਸਮੋਕ ਮੁਕਤ ਮਲਟੀ-ਯੂਨਿਟ ਰਿਹਾਇਸ਼ੀ ਮਕਾਨ ਹੋਣਗੇ ਅਤੇ ਇਹ ਨੀਤੀ ਅਪਣਾਉਣ ਲਈ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੋਵੇਗਾ।