ਇਸ ਦੇਸ਼ 'ਚ ਖਸਰਾ ਬਣਿਆ ਜਾਨ ਦਾ ਖਤਰਾ, ਗਲੀਆਂ 'ਚ ਲੱਗੇ ਲਾਲ ਝੰਡੇ

12/05/2019 1:38:59 PM

ਵੈਲਿੰਗਟਨ— ਸਮੋਆ 'ਚ ਖਸਰੇ ਦਾ ਪ੍ਰਕੋਪ ਇੰਨਾ ਵਧ ਗਿਆ ਹੈ ਕਿ ਇੱਥੇ ਹੁਣ ਤਕ 62 ਮੌਤਾਂ ਹੋ ਚੁੱਕੀਆਂ ਹਨ। ਬਹੁਤ ਸਾਰੇ ਲੋਕ ਇਸ ਬੀਮਾਰੀ ਕਾਰਨ ਪੀੜਤ ਹਨ, ਇਨ੍ਹਾਂ 'ਚੋਂ ਵੱਡੀ ਗਿਣਤੀ ਬੱਚਿਆਂ ਦੀ ਹੀ ਹੈ। ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਇਹ ਬੀਮਾਰੀ ਹੋਰ ਨਾ ਵਧ ਜਾਵੇ। ਇਸੇ ਲਈ ਦੂਜੇ ਦਿਨ ਵੀ ਲੋਕ ਘਰਾਂ 'ਚ ਹੀ ਬੰਦ ਰਹੇ। ਸਮੋਆ 'ਚ ਥਾਂ-ਥਾਂ ਲੋਕਾਂ ਨੇ ਲਾਲ ਝੰਡੇ ਲਗਾ ਦਿੱਤੇ ਹਨ। ਲਾਲ ਝੰਡੇ ਲਗਾਉਣ ਦਾ ਮਤਲਬ ਹੈ ਕਿ ਲੋਕ ਅਧਿਕਾਰੀਆਂ ਨੂੰ ਟੀਕਾਕਰਨ ਲਈ ਅਪੀਲ ਕਰ ਰਹੇ ਹਨ।

PunjabKesari
ਇੱਥੋਂ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਖਸਰਾ ਜਾਨਲੇਵਾ ਰੋਗ ਹੈ ਤੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਸਨ। ਇਸੇ ਲਈ ਟੀ.ਵੀ. ਤੇ ਰੇਡੀਓ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਲੋਕ ਦੇਸੀ ਇਲਾਜ ਕਰਨ ਵੱਲ ਵਧੇਰੇ ਧਿਆਨ ਦੇ ਰਹੇ ਹਨ ਜੋ ਕਿ ਪਿਛਲੇ 4000 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਵਹਿਮਾਂ 'ਚੋਂ ਨਿਕਲ ਕੇ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਦੇਸ਼ 'ਚ ਖਸਰਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਸਰਕਾਰ ਮੁਤਾਬਕ 172 ਲੋਕ ਹਸਪਤਾਲ 'ਚ ਭਰਤੀ ਹਨ ਤੇ ਇਨ੍ਹਾਂ 'ਚੋਂ 19 ਬੱਚਿਆਂ ਦੀ ਹਾਲਤ ਗੰਭੀਰ ਹੈ।
PunjabKesari

 

ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਗਈ ਸੀ ਅਤੇ ਅਧਿਕਾਰੀ ਘਰਾਂ 'ਚ ਆ ਕੇ ਖਸਰੇ ਤੋਂ ਬਚਾਉਣ ਵਾਲੇ ਟੀਕੇ ਲਗਾ ਰਹੇ ਹਨ। ਪੈਸੀਫਿਕ ਆਈਲੈਂਡ 'ਚ ਲੋਕਾਂ ਨੇ ਗਲੀ-ਗਲੀ 'ਚ ਲਾਲ ਝੰਡੇ ਲਗਾਏ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਮਰਨ ਵਾਲੇ 62 ਲੋਕਾਂ 'ਚੋਂ 54 ਛੋਟੀ ਉਮਰ ਦੇ ਬੱਚੇ ਹੀ ਸਨ ਤੇ ਬਾਕੀ 4 ਜਵਾਨ ਸਨ। ਸਥਾਨਕ ਅਖਬਾਰਾਂ ਮੁਤਾਬਕ ਅਪੀਆ ਸ਼ਹਿਰ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇੱਥੇ ਪੰਛੀਆਂ ਤੇ ਜਾਨਵਰਾਂ ਤੋਂ ਇਲਾਵਾ ਕੋਈ ਨਹੀਂ ਰਹਿੰਦਾ ਕਿਉਂਕਿ ਇੱਥੇ ਸੜਕਾਂ 'ਤੇ ਕੋਈ ਵਿਅਕਤੀ ਦਿਖਾਈ ਨਹੀਂ ਦਿੰਦਾ।


Related News