ਇਸ ਮਹਿਲਾ ਪਾਇਲਟ ਦੀ ਬਹਾਦਰੀ ਨੂੰ ਸਲਾਮ, ਯੂਕ੍ਰੇਨ ਤੋਂ ਸੁਰੱਖਿਅਤ ਵਾਪਸ ਲਿਆਈ 800 ਤੋਂ ਵੱਧ ਭਾਰਤੀ ਵਿਦਿਆਰਥੀ
Monday, Mar 14, 2022 - 04:19 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 19ਵਾਂ ਦਿਨ ਹੈ। ਇਸ ਦੌਰਾਨ ਯੂਕ੍ਰੇਨ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਲਈ ਮੋਦੀ ਸਰਕਾਰ ਲਗਾਤਾਰ ਆਪਰੇਸ਼ਨ ਗੰਗਾ ਚਲਾ ਰਹੀ ਹੈ। ਜਿਸ ਤਹਿਤ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ ਪਰ ਅਜਿਹੀ ਸਥਿਤੀ ਵਿੱਚ ਸਰਕਾਰ ਤੋਂ ਇਲਾਵਾ ਇੱਕ ਹੋਰ ਵਿਅਕਤੀ ਹੈ ਜਿਸਦਾ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਕੱਢਣ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਵੱਲੋਂ ਪੱਛਮੀ ਯੂਕ੍ਰੇਨ 'ਤੇ ਹਮਲੇ ਤੇਜ਼, ਜੇਲੇਂਸਕੀ ਦੀ ਚਿਤਾਵਨੀ-ਨਾਟੋ ਦੇਸ਼ਾਂ ਤੱਕ ਪਹੁੰਚ ਸਕਦੀਆਂ ਨੇ ਰੂਸੀ ਮਿਜ਼ਾਈਲਾਂ
ਦਰਅਸਲ ਆਪਰੇਸ਼ਨ ਗੰਗਾ ਦੇ ਤਹਿਤ ਇਕ ਮਹਿਲਾ ਪਾਇਲਟ ਕਈ ਉਡਾਣਾਂ ਰਾਹੀਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਕਰਾ ਰਹੀ ਹੈ। ਮਾਣ ਦੀ ਗੱਲ ਹੈ ਕਿ ਕੋਲਕਾਤਾ ਦੇ ਨਿਊ ਟਾਊਨ ਦੀ ਰਹਿਣ ਵਾਲੀ ਪਾਇਲਟ ਮਹਾਸ਼ਵੇਤਾ ਚੱਕਰਵਰਤੀ ਨੇ ਵਿਦਿਆਰਥੀਆਂ ਨੂੰ ਦੇਸ਼ ਵਾਪਸ ਲਿਆਉਣ 'ਚ ਅਹਿਮ ਭੂਮਿਕਾ ਨਿਭਾਈ ਹੈ।ਦੱਸ ਦੇਈਏ ਕਿ ਆਪਰੇਸ਼ਨ ਗੰਗਾ ਦੀ 24 ਸਾਲਾ ਮੈਂਬਰ ਮਹਾਸ਼ਵੇਤਾ ਹੁਣ ਤੱਕ ਯੂਕ੍ਰੇਨ ਵਿੱਚ ਫਸੇ 800 ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆ ਚੁੱਕੀ ਹੈ। ਮਹਾਸ਼ਵੇਤਾ ਨੇ 27 ਫਰਵਰੀ ਤੋਂ 7 ਮਾਰਚ ਦਰਮਿਆਨ 6 ਨਿਕਾਸੀ ਉਡਾਣਾਂ ਭਰੀਆਂ ਹਨ। ਜਿਸ ਬਾਰੇ ਭਾਜਪਾ ਮਹਿਲਾ ਮੋਰਚਾ ਨੇ ਮਹਾਸ਼ਵੇਤਾ ਚੱਕਰਵਰਤੀ ਬਾਰੇ ਇੱਕ ਟਵੀਟ ਵੀ ਕੀਤਾ, ਜਿਸ ਵਿੱਚ ਲਿਖਿਆ ਗਿਆ ਕਿ ਕੋਲਕਾਤਾ ਦੀ 24 ਸਾਲਾ ਪਾਇਲਟ ਮਹਾਸ਼ਵੇਤਾ ਚੱਕਰਵਰਤੀ ਨੇ ਯੂਕ੍ਰੇਨ, ਪੋਲੈਂਡ ਅਤੇ ਹੰਗਰੀ ਦੀ ਸਰਹੱਦ ਤੋਂ 800 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਬਚਾਇਆ ਹੈ, ਜੋ ਕਿ ਬਹੁਤ ਸਨਮਾਨ ਦੀ ਗੱਲ ਹੈ।
ਇੰਨਾ ਹੀ ਨਹੀਂ ਭਾਰਤੀ ਜਨਤਾ ਯੁਵਾ ਮੋਰਚਾ ਦੀ ਉਪ ਪ੍ਰਧਾਨ ਪ੍ਰਿਅੰਕਾ ਸ਼ਰਮਾ ਨੇ ਵੀ ਆਪਣੇ ਟਵੀਟ 'ਚ ਕਿਹਾ ਕਿ 24 ਸਾਲਾ ਮਹਾਸ਼ਵੇਤਾ ਬੰਗਾਲ ਭਾਜਪਾ ਮਹਿਲਾ ਮੋਰਚਾ ਮੁਖੀ ਦੀ ਬੇਟੀ ਹੈ। ਉਨ੍ਹਾਂ ਟਵੀਟ ਕੀਤਾ ਕਿ ਮਹਾਸ਼ਵੇਤਾ ਚੱਕਰਵਰਤੀ ਪੱਛਮੀ ਬੰਗਾਲ ਪ੍ਰਦੇਸ਼ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਤਨੁਜਾ ਚੱਕਰਵਰਤੀ ਦੀ ਬੇਟੀ ਹੈ। ਦੱਸ ਦੇਈਏ ਕਿ ਭਾਰਤ ਹੁਣ ਤੱਕ 80 ਤੋਂ ਵੱਧ ਵਿਸ਼ੇਸ਼ ਨਿਕਾਸੀ ਉਡਾਣਾਂ ਵਿੱਚ ਫਸੇ ਲਗਭਗ 20,000 ਨਾਗਰਿਕਾਂ ਨੂੰ ਬਚਾਉਣ ਵਿੱਚ ਸਫਲ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।