ਸਲੋਹ ਵਿਚ ਇਕ ਦਿਨ ਦੇ ਵਕਫ਼ੇ ਨਾਲ ਜਹਾਨੋਂ ਤੁਰ ਗਏ ਖਾਬੜਾ ਪਿਓ-ਪੁੱਤ

05/11/2020 2:13:12 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਬਰਤਾਨੀਆ ਵਿਚ ਪੰਜਾਬੀ ਭਾਈਚਾਰੇ ਲਈ ਹੁਣ ਤੱਕ ਦੀ ਸਭ ਤੋਂ ਮਨਹੂਸ ਖ਼ਬਰ ਹੈ ਕਿ ਸਿਰਫ ਇੱਕ ਦਿਨ ਦੇ ਵਕਫ਼ੇ (ਫਰਕ) ਵਿਚ ਹੀ ਸਲੋਹ ਵੱਸਦੇ ਕੁਲਤਾਰ ਸਿੰਘ ਖਾਬੜਾ ਤੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਕੁਲਤਾਰ ਸਿੰਘ ਖਾਬੜਾ ਸਾਹਿਤਕ ਸਫ਼ਾਂ ਵਿਚ ਜਾਣਿਆ ਪਛਾਣਿਆ ਨਾਮ ਸੀ। ਕੁਲਤਾਰ ਸਿੰਘ ਖਾਬੜਾ 88 ਸਾਲ ਦੇ ਸਨ। 1964 ਵਿਚ ਮਾਹਿਲਪੁਰ (ਪੰਜਾਬ) ਤੋਂ ਯੂ. ਕੇ. ਆਏ ਸਨ। ਉਹ ਜ਼ਿਆਦਾ ਸਮਾਂ ਸਲੋਹ ਵਿਚ ਰਹੇ।

ਉਨ੍ਹਾਂ ਫੋਰਡ ਫੈਕਟਰੀ ਵਿਚ ਕੰਮ ਕੀਤਾ, ਜਿੱਥੇ ਉਹ ਨਸਲੀ ਘੱਟ ਗਿਣਤੀ ਮਜ਼ਦੂਰਾਂ ਲਈ ਇੱਕ ਆਵਾਜ਼ ਸਨ, ਜੋ ਆਮ ਤੌਰ 'ਤੇ ਸਾਥੀ ਕਰਮਚਾਰੀਆਂ  ਵੱਲੋਂ ਨਸਲੀ ਸ਼ੋਸ਼ਣ ਦੇ ਪ੍ਰਭਾਵ ਹੇਠ ਸਨ। ਉਨ੍ਹਾਂ ਨੇ ਗੁਰਦੀਪ ਸਿੰਘ ਧੂਤ ਅਤੇ ਕਰਨੈਲ ਸਿੰਘ ਸਿੱਧੂ ਨਾਲ ਮਿਲ ਕੇ ਇੰਡੀਅਨ ਵਰਕਰ ਐਸੋਸੀਏਸ਼ਨ (ਜੀਬੀ) ਵਿਚ ਕੰਮ ਕੀਤਾ। ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੈਂਬਰ ਸਨ, ਜਿਥੇ ਉਹ ਸਮੇਂ-ਸਮੇਂ 'ਤੇ ਆਡੀਟਰ ਵਜੋਂ ਸੇਵਾ ਨਿਭਾਉਂਦੇ ਰਹੇ । 1988 ਵਿਚ ਉਨ੍ਹਾਂ ਮਨਜੀਤ ਔਜਲਾ, ਮੱਖਣ ਸੰਧੂ, ਤਰਲੋਕ ਸਿੰਘ ਵਾਲ, ਗੁਰਬਚਨ ਸਿੰਘ ਆਜ਼ਾਦ, ਹਰਮੋਹਿੰਦਰਪਾਲ ਸਿੰਘ ਸੋਹਲ ਅਤੇ ਦਰਸ਼ਨ ਢਿੱਲੋਂ ਨਾਲ ਏਸ਼ੀਅਨ ਪ੍ਰਗਤੀਸ਼ੀਲ ਫੋਰਮ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ। 

ਉਨ੍ਹਾਂ ਨੇ ਸਲੋਹ ਵਿਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਵੀ ਆਪਣੀ ਭੂਮਿਕਾ ਨਿਭਾਈ ਅਤੇ ਦਰਸ਼ਨ ਢਿੱਲੋਂ, ਮਹਿੰਦਰਪਾਲ ਧਾਲੀਵਾਲ, ਹਰਮੋਹਿੰਦਰਪਾਲ ਸੋਹਲ ਨਾਲ ਮਿਲ ਕੇ ਸਾਲਾਨਾ ਪੰਜਾਬੀ ਸਾਹਿਤ ਸਭਾ ਸਮਾਗਮ ਕਰਵਾਉਣ ਵਿਚ ਸਰਗਰਮੀ ਨਾਲ ਹਿੱਸਾ ਲਿਆ। ਅਫ਼ਸੋਸ ਦੀ ਗੱਲ ਹੈ ਕਿ ਉਹ ਸ਼ਨੀਵਾਰ 9 ਮਈ ਨੂੰ ਆਪਣੇ ਬੇਟੇ ਦੀਪਇੰਦਰ ਸਿੰਘ ਖਾਬੜਾ ਤੋਂ ਹੱਥ ਧੋ ਬੈਠੇ ਅਤੇ ਕੁਲਤਾਰ ਐਤਵਾਰ 10 ਮਈ ਨੂੰ ਕੋਵਿਡ -19 ਕੋਰੋਨਾਵਾਇਰਸ ਨਾਲ ਆਪਣੀ ਲੜਾਈ ਹਾਰ ਗਏ ਅਤੇ ਵੈਕਸੈਮ ਪਾਰਕ ਹਸਪਤਾਲ ਵਿਚ ਆਪਣਾ ਆਖਰੀ ਸਾਹ ਲਿਆ। ਇਸ ਅਣਹੋਣੀ ਘਟਨਾ ਕਾਰਨ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
 


Lalita Mam

Content Editor

Related News