ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਗੀਤਾਂ ‘ਠੰਡੀਆਂ ਛਾਵਾਂ’ ਤੇ ‘ਕੁੱਖ ’ਚ ਕਬਰ’ ਉੱਪਰ ਵਿਚਾਰ ਚਰਚਾ
Monday, Oct 04, 2021 - 03:32 PM (IST)
ਰੋਮ (ਕੈਂਥ)-ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣੀ ਸਾਹਿਤਕ ਲੜੀ ਨੂੰ ਅੱਗੇ ਤੋਰਦਿਆਂ ਪੰਜਾਬੀ ਗੀਤ ‘ਠੰਡੀਆਂ ਛਾਵਾਂ’ ਤੇ ‘ਕੁੱਖ ਵਿੱਚ ਕਬਰ’ ਉੱਪਰ ਆਨਲਾਈਨ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਗੀਤਕਾਰ ਸਹਿਬਾਜ਼ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਧਾਰਨ ਕਰ ਕੇ ਕੀਤੀ ਗਈ। ਆਰੰਭਿਕ ਭਾਸ਼ਣ ’ਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸਭਾ ਦੀ ਕਾਰਗੁਜ਼ਾਰੀ ਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਆਨਲਾਈਨ ਸਾਹਿਤਕ ਸਮਾਗਮ ’ਚ ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਲੋਕ ਗਾਇਕ ਗੁਰਬਖਸ਼ ਸ਼ੌਂਕੀ ਤੇ ਵਾਤਾਵਰਨ ਗਾਇਕ ਬਲਵੀਰ ਸ਼ੇਰਪੁਰੀ ਨੇ ਆਪਣੇ ਗੀਤਾਂ ਨੂੰ ਸਭ ਨਾਲ ਸਾਂਝਾ ਕੀਤਾ। ਇਸ ਸਮੇਂ ਬੋਲਦਿਆਂ ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਨੇ ਪੰਜਾਬੀ ਸੱਭਿਆਚਾਰ ’ਚ ਗੀਤਾਂ ਦੇ ਮੌਲਿਕ ਸਬੰਧ ਬਾਰੇ, ਅਜੋਕੇ ਸੰਦਰਭ ’ਚ ਗੀਤਾਂ ਦਾ ਸਥਾਨ ਅਤੇ ਉਪਰੋਕਤ ਦੋਵਾਂ ਗੀਤਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਗਾਇਕ ਗੁਰਬਖਸ਼ ਸ਼ੌਂਕੀ ਨੇ ‘ਕੁੱਖ ’ਚ ਕਬਰ’ ਗੀਤ ਤੋਂ ਇਲਾਵਾ ਆਪਣੇ ਹੋਰ ਗੀਤ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਤੋਂ ਬਾਅਦ ਗਾਇਕ ਬਲਵੀਰ ਸ਼ੇਰਪੁਰੀ ਨੇ ‘ਠੰਡੀਆਂ ਛਾਂਵਾਂ’ ਅਤੇ ਹੋਰ ਗੀਤ ਗਾ ਕੇ ਸੁਣਾਏ।
ਇਹ ਵੀ ਪੜ੍ਹੋ : ਇਟਲੀ ’ਚ ਹਵਾਈ ਜਹਾਜ਼ ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ, ਛੇ ਲੋਕਾਂ ਦੀ ਮੌਤ
ਬਿੰਦਰ ਕੋਲੀਆਂਵਾਲ ਨੇ ਆਪਣੇ ਸਾਹਿਤਕ ਤੇ ਗੀਤਕਾਰੀ ਦੇ ਸਫ਼ਰ ਬਾਬਤ ਵਿਚਾਰਾਂ ਦੀ ਸਾਂਝ ਪਾਈ। ਦਲਜਿੰਦਰ ਰਹਿਲ ਬਾਰੇ ਬਲਵਿੰਦਰ ਸਿੰਘ ਚਾਹਲ ਨੇ ਉਨ੍ਹਾਂ ਦੇ ਜੀਵਨ, ਲੇਖਣੀ ਅਤੇ ਪ੍ਰਵਾਸੀ ਸਾਹਿਤ ’ਚ ਨਿਭਾਏ ਜਾ ਰਹੇ ਰੋਲ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ. ਪ. ਸਿੰਘ ਨੇ ਸਭਾ ਵੱਲੋਂ ਉਲੀਕੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਹੋਰ ਉਮੀਦਾਂ ਦੀ ਆਸ ਜਿਤਾਈ । ਸਾਹਿਤ ਕਲਾ ਕੇਂਦਰ ਸਾਊਥਹਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਨੇ ਗੀਤਾਂ ਤੋਂ ਭਾਵੁਕ ਹੁੰਦੇ ਹੋਏ ਮਾਂ ਨੂੰ ਸਮਰਪਿਤ ਕਵਿਤਾ ਸਾਂਝੀ ਕੀਤੀ। ਪੰਜਾਬੀ ਸ਼ਾਇਰ ਗੁਰਚਰਨ ਸਿੰਘ ਜੋਗੀ, ਸਿੱਕੀ ਝੱਜੀ, ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ, ਰਾਣਾ ਅਠੌਲਾ, ਪ੍ਰੋ. ਜਸਪਾਲ ਸਿੰਘ, ਹਰਦੀਪ ਸਿੰਘ ਮੰਗਲੀ ਟਾਂਡਾ, ਤੇਜਿੰਦਰ ਕੌਰ ਆਦਿ ਨੇ ਵੀ ਬਾਖੂਬੀ ਹਾਜ਼ਰੀ ਲਗਵਾਈ। ਦਲਜਿੰਦਰ ਰਹਿਲ ਦੀ ਸੰਚਾਲਨਾ ਹਰ ਵਾਰ ਦੀ ਤਰ੍ਹਾਂ ਗਹਿਰੇ ਤੇ ਸਾਹਿਤਕ ਭਾਵਾਂ ਨਾਲ ਲਬਰੇਜ਼ ਸੀ, ਜਿਸ ਨੂੰ ਸਭ ਨੇ ਪਸੰਦ ਕੀਤਾ।