ਯੂਕ੍ਰੇਨ ’ਚ ਰੂਸ ਦੀ ਜੰਗ ਕਤਲੇਆਮ ਦੇ ਬਰਾਬਰ, ਯੂਕ੍ਰੇਨੀ ਹੋਣ ਦੇ ਵਿਚਾਰ ਮਿਟਾਉਣ ’ਚ ਲੱਗੇ ਪੁਤਿਨ: ਬਾਈਡੇਨ

Thursday, Apr 14, 2022 - 01:10 PM (IST)

ਯੂਕ੍ਰੇਨ ’ਚ ਰੂਸ ਦੀ ਜੰਗ ਕਤਲੇਆਮ ਦੇ ਬਰਾਬਰ, ਯੂਕ੍ਰੇਨੀ ਹੋਣ ਦੇ ਵਿਚਾਰ ਮਿਟਾਉਣ ’ਚ ਲੱਗੇ ਪੁਤਿਨ: ਬਾਈਡੇਨ

ਡੇਸ ਮੋਈਨੇਸ/ਵਾਰਸਾ– ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਯੂਕ੍ਰੇਨ ਵਿਚ ਰੂਸ ਦੀ ਜੰਗ ਕਤਲੇਆਮ ਦੇ ਬਰਾਬਰ ਹੈ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਯੂਕ੍ਰੇਨੀ ਹੋਣ ਦੇ ਵਿਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

ਬਾਈਡੇਨ ਨੇ ਵਾਸ਼ਿੰਗਟਨ ਪਰਤਣ ਲਈ ਏਅਰਫੋਰਸ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਆਯੋਵਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਹਾਂ, ਮੈਂ ਇਸਨੂੰ ਕਤਲੇਆਮ ਕਰਾਰ ਦਿੰਦਾ ਹਾਂ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਤੈਅ ਕਰਨਾ ਵਕੀਲਾਂ ਦਾ ਕੰਮ ਹੈ ਕਿ ਰੂਸ ਦੀ ਕਾਰਵਾਈ ਕਤਲੇਆਮ ਨਾਲ ਜੁੜੇ ਕੌਮਾਂਤਰੀ ਮਾਪਦੰਡਾਂ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਰੂਸ ਨੇ ਯੂਕ੍ਰੇਨ ਵਿਚ ਜੋ ਭਿਆਨਕ ਕਾਰੇ ਕੀਤੇ ਹਨ, ਉਨ੍ਹਾਂ ਨਾਲ ਜੁੜੇ ਹੋਰ ਸਬੂਤ ਸਾਹਮਣੇ ਆ ਰਹੇ ਹਨ। ਸਾਨੂੰ ਵਿਨਾਸ਼ ਬਾਰੇ ਹੋਰ ਜਾਣਕਾਰੀਆਂ ਮਿਲ ਰਹੀਆਂ ਹਨ। ਬਾਈਡੇਨ ਨੇ ਪਿਛਲੇ ਹਫਤੇ ਰੂਸ ਦੀ ਕਾਰਵਾਈ ਨੂੰ ਕਤਲੇਆਮ ਦੱਸਦੇ ਹੋਏ ਸਿਰਫ ਜੰਗੀ ਅਪਰਾਧ ਕਰਾਰ ਦਿੱਤਾ ਸੀ। ਬਾਈਡੇਨ ਦੇ ਨਵੇਂ ਮੁਲਾਂਕਣ ਦਰਮਿਆਨ ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਉਨ੍ਹਾਂ ਦੇ ਪ੍ਰਸ਼ਾਸਨ ਨੇ ਰੂਸ ’ਤੇ ਨਵੀਆਂ ਪਾਬੰਦੀਆਂ ਲਗਾਉਣ ਜਾਂ ਯੂਕ੍ਰੇਨ ਨੂੰ ਵਾਧੂ ਮਦਦ ਦੇਣ ਦਾ ਐਲਾਨ ਕੀਤਾ।

ਓਧਰ, ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਅਰ ਨੇ ਪੁਤਿਨ ਨੂੰ ਯੂਕ੍ਰੇਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਸੱਦਣ ਅਤੇ ਉਥੇ ਬਹਿਸ਼ੀਪੁਣਾ ਰੋਕਣ ਲਈ ਕਿਹਾ। ਉਨ੍ਹਾਂ ਨੇ ਯੂਕ੍ਰੇਨ ਦੀ ਲੜਾਈ ਦਾ ਸਮਰਥਨ ਕਰਨ ਅਤੇ ਜੰਗ ਤੋਂ ਭੱਜਣ ਵਾਲੇ ਲੱਖਾਂ ਸ਼ਰਨਾਰਥੀਆਂ ਦੀ ਸਹਾਇਤਾ ਲਈ ਪੋਲੈਂਡ ਦੇ ਰਾਸ਼ਟਰਪਤੀ ਆਂਦ੍ਰੇਜੇਜ ਡੂਡਾ ਨਾਲ ਗੱਲ ਕਰਨ ਲਈ ਵਾਰਸਾ ਦਾ ਦੌਰਾ ਕੀਤਾ।

ਇਕ ਸੱਚੇ ਨੇਤਾ ਦੇ ਸੱਚੇ ਸ਼ਬਦ : ਜੇਲੇਂਸਕੀ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਆਰ ਜੇਲੇਂਸਕੀ ਨੇ ਬਾਈਡੇਨ ਦੀਆਂ ਟਿੱਪਣੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਇਕ ਸੱਚੇ ਨੇਤਾ ਦੇ ਸੱਚੇ ਸ਼ਬਦ। ਬੁਰਾਈ ਦਾ ਸਾਹਮਣਾ ਕਰਨ ਲਈ ਚੀਜ਼ਾਂ ਨੂੰ ਉਨ੍ਹਾਂ ਦੇ ਨਾਂ ਨਾਲ ਸੱਦਣਾ ਜ਼ਰੂਰੀ ਹੈ। ਅਸੀਂ ਅਮਰੀਕਾ ਤੋਂ ਹੁਣ ਤੱਕ ਮਿਲੀ ਮਦਦ ਲਈ ਉਸਦੇ ਸ਼ੁੱਕਰਗੁਜ਼ਾਰ ਹਾਂ। ਸਾਨੂੰ ਰੂਸੀ ਅੱਤਿਆਚਾਰਾਂ ਨਾਲ ਨਜਿੱਠਣ ਲਈ ਹੋਰ ਜ਼ਿਆਦਾ ਭਾਰੀ ਹਥਿਆਰਾਂ ਦੀ ਲੋੜ ਹੈ।


author

Rakesh

Content Editor

Related News