ਵਿਦਰੋਹ ਦੇ ਕੁਝ ਦਿਨਾਂ ਬਾਅਦ ਵੈਗਨਰ ਨੇਤਾ ਪ੍ਰਿਗੋਝਿਨ ਨੂੰ ਮਿਲੇ ਸਨ ਰੂਸੀ ਰਾਸ਼ਟਰਪਤੀ ਪੁਤਿਨ

07/11/2023 4:35:01 PM

ਕੀਵ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਦਰੋਹਤੋਂ ਕੁਝ ਦਿਨ ਬਾਅਦ ਨਿੱਜੀ ਫੌਜੀ ਸਮੂਹ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ ਨਾਲ ਮੁਲਾਕਾਤ ਕੀਤੀ ਸੀ। ਰੂਸੀ ਰਾਸ਼ਟਰਪਤੀ ਦਫਤਰ ਕ੍ਰੇਮਲਿਨ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੋਮਵਾਰ ਨੂੰ ਕਿਹਾ ਕਿ 3 ਘੰਟੇ ਚੱਲੀ ਬੈਠਕ 29 ਜੂਨ ਨੂੰ ਹੋਈ ਅਤੇ ਇਸ ਵਿਚ ਪ੍ਰਿਗੋਝਿਨ ਵੱਲੋਂ ਸਥਾਪਤ ਫੌਜੀ ਸਮੂਹ ਦੇ ਕਮਾਂਡਰ ਵੀ ਸ਼ਾਮਲ ਸਨ। ਵੈਗਨਰ ਦੇ ਭਾੜੇ ਦੇ ਫੌਜੀਆਂ ਨੇ ਯੂਕ੍ਰੇਨ ਵਿਚ ਰੂਸੀ ਫੌਜਾਂ ਦੇ ਨਾਲ ਲੜਾਈ ਲੜੀ ਸੀ। ਪ੍ਰਿਗੋਝਿਨ ਦਾ ਰੂਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨਾਲ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ, ਜਿਸਦੀ 24 ਜੂਨ ਨੂੰ ਇਕ ਹਥਿਆਰਬੰਦ ਵਿਦ੍ਰੋਹ ਦੇ ਰੂਪ ’ਚ ਸਮਾਪਤੀ ਹੋਈ।

ਪ੍ਰਿਗੋਝਿਨ ਨੇ ਬੇਲਾਰੂਸ ਵਿਚ ਆਪਣੀ ਜਲਾਵਤਨੀ ਲਈ ਇਕ ਸਮਝੌਤਾ ਹੋਣ ਤੋਂ ਬਾਅਦ ਵਿਦਰੋਹ ਨੂੰ ਖ਼ਤਮ ਕਰ ਦਿੱਤਾ ਸੀ। ਵਿਦਰੋਹ ਤੋਂ ਬਾਅਦ ਪੁਤਿਨ ਨੇ ਪ੍ਰਿਗੋਝਿਨ ਨੂੰ ਪਿੱਠ ਵਿਚ ਛੁਰਾ ਮਾਰਨ ਵਾਲਾ ਗੱਦਾਰ ਕਰਾਰ ਦਿੱਤਾ ਸੀ। ਪੁਤਿਨ ਨਾਲ ਆਹਮੋ-ਸਾਹਮਣੇ ਮੁਲਾਕਾਤ ਦੀ ਪੁਸ਼ਟੀ ਨੇ ਭਾੜੇ ਦੀ ਫੌਜ ਦੇ ਮੁਖੀ ਨੂੰ ਲੈ ਕੇ ਅਨਿਸ਼ਚਿਤਤਾ ਨੂੰ ਵਧਾ ਦਿੱਤਾ ਹੈ। ਇਸ ਅਸਫਲ ਵਿਦਰੋਹ ਤੋਂ ਬਾਅਦ ਉਹ ਕਿੱਥੇ ਹੈ, ਇਸ ਦੀ ਕੋਈ ਨਹੀਂ ਹੈ। ਇਸ ਵਿਦਰੋਹ ਨੇ ਹਾਲਾਂਕਿ ਪੁਤਿਨ ਦੇ ਦਬਦਬੇ ਨੂੰ ਵੀ ਬੁਰੀ ਤਰ੍ਹਾਂ ਕਮਜ਼ੋਰ ਕੀਤਾ ਹੈ।

ਪੇਸਕੋਵ ਨੇ ਕਿਹਾ ਕਿ 29 ਜੂਨ ਦੀ ਮੀਟਿੰਗ ਦੌਰਾਨ, ਪੁਤਿਨ ਨੇ ਯੂਕ੍ਰੇਨ ਵਿੱਚ ਜੰਗ ਦੇ ਮੈਦਾਨ ਵਿੱਚ ਵੈਗਨਰ ਦੀਆਂ ਕਾਰਵਾਈਆਂ ਅਤੇ "24 ਜੂਨ ਦੀਆਂ ਘਟਨਾਵਾਂ" ਨੂੰ ਲੈ ਕੇ "ਮੁਲਾਂਕਣ" ਦੀ ਪੇਸ਼ਕਸ਼ ਕੀਤੀ। ਕ੍ਰੇਮਲਿਨ ਦੇ ਬੁਲਾਰੇ ਨੇ ਕਿਹਾ, "ਰਾਸ਼ਟਰਪਤੀ ਨੇ ਕਮਾਂਡਰਾਂ ਦੇ ਸਪੱਸ਼ਟੀਕਰਨ ਵੀ ਸੁਣੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਅਤੇ ਯੁੱਧ ਵਿੱਚ ਅੱਗੇ ਵਰਤੋਂ ਦੇ ਬਦਲ ਦੀ ਪੇਸ਼ਕਸ਼ ਕੀਤੀ।" ਪੇਸਕੋਵ ਨੇ ਕਿਹਾ ਕਿ ਮੀਟਿੰਗ ਵਿਚ ਕੁੱਲ 35 ਲੋਕ ਸ਼ਾਮਲ ਹੋਏ, ਜਿਨ੍ਹਾਂ ਵਿਚ ਵੈਗਨਰ ਕਮਾਂਡਰ ਅਤੇ ਕੰਪਨੀ ਲੀਡਰ (ਪ੍ਰਿਗੋਝਿਨ ਖੁਦ) ਸ਼ਾਮਲ ਸਨ। 


cherry

Content Editor

Related News