ਰੂਸੀ ਮਿਜ਼ਾਈਲਾਂ ਤੇ ਡਰੋਨਾਂ ਨੇ ਕੀਵ ਨੂੰ ਬਣਾਇਆ ਨਿਸ਼ਾਨਾ, ਪਾਵਰ ਗਰਿੱਡ ਤੇ ਗੈਸ ਪਲਾਂਟ ਨੁਕਸਾਨਿਆ
Thursday, Sep 26, 2024 - 05:43 PM (IST)
ਇੰਟਰਨੈਸ਼ਨਲ ਡੈਸਕ: ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਜਧਾਨੀ ਕੀਵ 'ਤੇ ਰਾਤ ਦੇ ਪੰਜ ਘੰਟੇ ਦੇ ਰੂਸੀ ਹਵਾਈ ਹਮਲੇ ਦਾ ਸਾਹਮਣਾ ਕੀਤਾ, ਜਦੋਂ ਕਿ ਮਿਜ਼ਾਈਲਾਂ ਅਤੇ ਡਰੋਨਾਂ ਨੇ ਇਕ ਵਾਰ ਫਿਰ ਯੂਕਰੇਨ ਦੇ ਪਾਵਰ ਗਰਿੱਡ 'ਤੇ ਹਮਲਾ ਕੀਤਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਕੀਵ 'ਤੇ ਹੋਏ ਹਮਲੇ 'ਚ ਘੱਟੋ-ਘੱਟ ਦੋ ਲੋਕ ਜ਼ਖਮੀ ਹੋਏ ਹਨ। ਕੀਵ ਫੌਜੀ ਪ੍ਰਸ਼ਾਸਨ ਨੇ ਕਿਹਾ ਕਿ ਸ਼ਹਿਰ 'ਚ ਇਕ ਕਿੰਡਰਗਾਰਟਨ, ਇੱਕ ਗੈਸ ਪਾਈਪ ਅਤੇ ਲਗਭਗ 20 ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਹੁਣ ਅਫਰੀਕੀ ਦੇਸ਼ਾਂ 'ਤੇ ਚੀਨ ਦੀ 'ਅੱਖ', ਵਿਕਾਸ ਦੀ ਆੜ 'ਚ ਫੈਲਾਅ ਰਿਹਾ ਕਰਜ਼ੇ ਦਾ ਜਾਲ
ਲੰਬੀ ਦੂਰੀ ਦੇ ਹਮਲੇ ਯੂਕਰੇਨ 'ਚ ਰੂਸ ਦੀ ਫੌਜੀ ਮੁਹਿੰਮ ਦੀ ਪਛਾਣ ਰਹੇ ਹਨ ਤੇ ਅਕਸਰ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਰੂਸ-ਯੂਕਰੇਨ ਜੰਗ ਦਾ ਇਹ ਤੀਜਾ ਸਾਲ ਹੈ। ਸੰਯੁਕਤ ਰਾਸ਼ਟਰ ਮੁਤਾਬਕ ਬਿਜਲੀ ਨੈੱਟਵਰਕ 'ਤੇ ਹਮਲਿਆਂ ਕਾਰਨ ਯੂਕਰੇਨ ਦੀ ਲਗਭਗ 70 ਫੀਸਦੀ ਊਰਜਾ ਉਤਪਾਦਨ ਸਮਰੱਥਾ ਤਬਾਹ ਹੋ ਗਈ ਹੈ। ਹਵਾਈ ਰੱਖਿਆ ਪ੍ਰਣਾਲੀ ਯੂਕਰੇਨ ਲਈ ਇੱਕ ਮਹੱਤਵਪੂਰਨ ਲੋੜ ਹੈ ਤੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਸਕੀ ਆਪਣੇ ਦੇਸ਼ ਲਈ ਜਾਰੀ ਅਮਰੀਕੀ ਫੌਜੀ ਸਹਾਇਤਾ ਨੂੰ ਯਕੀਨੀ ਬਣਾਉਣ ਦੇ ਯਤਨ 'ਚ ਵੀਰਵਾਰ ਨੂੰ ਵਾਸ਼ਿੰਗਟਨ 'ਚ ਰਾਸ਼ਟਰਪਤੀ ਜੋਅ ਬਿਡੇਨ ਨਾਲ ਮੁਲਾਕਾਤ ਕਰਨ ਵਾਲੇ ਹਨ।
ਇਹ ਵੀ ਪੜ੍ਹੋ : ਇਜ਼ਰਾਈਲ ਨੇ ਕਰ 'ਤਾ 'ਐਲਾਨ-ਏ-ਜੰਗ', ਕਿਹਾ- ਲਾ ਦਿਆਂਗੇ ਪੂਰੀ ਵਾਹ
ਖੇਤਰੀ ਗਵਰਨਰ ਸਵਿਤਲਾਨਾ ਓਨੀਸ਼ਚੁਕ ਨੇ ਕਿਹਾ ਕਿ ਯੂਕਰੇਨ ਦੇ ਪੱਛਮੀ ਇਵਾਨੋ-ਫ੍ਰੈਂਕਿਵਸਕ ਖੇਤਰ 'ਚ ਊਰਜਾ ਬੁਨਿਆਦੀ ਢਾਂਚਾ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਉਸੇ ਨਾਮ ਦੀ ਖੇਤਰੀ ਰਾਜਧਾਨੀ ਦੇ ਕੁਝ ਹਿੱਸਿਆਂ 'ਚ ਬਲੈਕਆਊਟ ਹੋ ਗਿਆ ਹੈ। ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਬੁੱਧਵਾਰ ਤੋਂ ਵੀਰਵਾਰ ਦੀ ਰਾਤ ਨੂੰ ਯੂਕਰੇਨ 'ਤੇ ਛੇ ਮਿਜ਼ਾਈਲਾਂ ਅਤੇ 78 ਡਰੋਨ ਦਾਗੇ। ਉਨ੍ਹਾਂ ਦੱਸਿਆ ਕਿ ਰੱਖਿਆ ਬਲਾਂ ਨੇ ਚਾਰ ਮਿਜ਼ਾਈਲਾਂ ਅਤੇ 66 ਡਰੋਨਾਂ ਨੂੰ ਹਵਾ 'ਚ ਹੀ ਨਸ਼ਟ ਕਰ ਦਿੱਤਾ।