ਐਪਲ ’ਤੇ ਲੱਗਾ ‘ਸਮਲਿੰਗੀ’ ਬਣਾਉਣ ਦਾ ਦੋਸ਼, ਜਾਣੋ ਪੂਰਾ ਮਾਮਲਾ

10/04/2019 1:20:27 PM

ਗੈਜੇਟ ਡੈਸਕ– ਰੂਸ ਦੇ ਇਕ ਵਿਅਕਤੀ ਨੇ ਟੈੱਕ ਕੰਪਨੀ ਐਪਲ ’ਤੇ ਦੋਸ਼ ਲਗਾਇਆ ਹੈ ਕਿ ਆਈਫੋਨ ਦੇ ਇਕ ਐਪ ਕਾਰਨ ਉਹ ਸਮਲਿੰਗੀ (Gay) ਹੋ ਗਿਆ ਹੈ। ਫਾਈਨੈਂਸ਼ੀਅਲ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਏ.ਐੱਫ.ਪੀ. ਦੁਆਰਾ ਦੇਖੀ ਗਈ ਸ਼ਿਕਾਇਤ ਦੀ ਕਾਪੀ ਤੋਂ ਇਸ ਗੱਲ ਦਾ ਪਤਾ ਲੱਗਾ ਹੈ। ਸ਼ਖਸ ਨੇ ਇਸ ਮਾਮਲੇ ’ਚ ਮਾਸਕੋ ਦੀ ਇਕ ਅਦਾਲਤ ’ਚ ਮੁਕੱਦਮਾ ਦਰਜ ਕਰਵਾਉਂਦੇ ਹੋਏ 10 ਲੱਖ ਰੂਬਲ (ਕਰੀਬ 11 ਲੱਖ ਰੁਪਏ) ਦੀ ਮੁਆਵਜ਼ੇ ਦੇ ਤੌਰ ’ਤੇ ਮੰਗ ਕੀਤੀ ਹੈ। 

ਬਿਟਕੁਆਇਨ ਦੀ ਥਾਂ ਡਲਿਵਰ ਹੋਇਆ ਗੇਕੁਆਇਨ
ਸ਼ਖਸ ਦਾ ਦੋਸ਼ ਹੈ ਕਿ ਉਸ ਨੇ ਐਪਲ ਦੇ ਸਮਾਰਟਫੋਨ ਐਪ ਤੋਂ ਬਿਟਕੁਆਇਨ (Bitcoin) ਮੰਗਵਾਇਆ ਸੀ ਪਰ ਉਸ ਦੀ ਥਾਂ ਉਸ ਨੂੰ ਗੇਕੁਆਇਨ (GayCoin) ਡਲਿਵਰ ਹੋ ਗਿਆ। ਸ਼ਖਸ ਦੇ ਵਕੀਲ ਨੇ ਕਿਹਾ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਅਤੇ ਮੇਰਾ ਕਲਾਇੰਟ ਕਾਫੀ ਡਰਿਆ ਹੋਇਆ ਹੈ। 

ਉਸ ਨੇ ਆਪਣੀ ਸ਼ਿਕਾਇਤ ’ਚ ਲਿਖਿਆ ਹੈ ਕਿ ਗੇਕੁਆਇਨ ’ਤੇ ਇਕ ਨੋਟ ਲਿਖਿਆ ਸੀ,‘ਟਰਾਈ ਕਰਨ ਤੋਂ ਪਹਿਲਾਂ ਨਿਰਣਾ ਨਾ ਕਰੋ।’ ਉਸ ਨੇ ਲਿਖਿਆ, ‘ਇਹ ਪੜ੍ਹਨ ਤੋਂ ਬਾਅਦ ਮੈਂ ਸੋਚਿਆ ਕਿ ਬਿਨਾਂ ਕਿਸੇ ਨੂੰ ਟਰਾਈ ਕੀਤੇ ਮੈਂ ਕਿਵੇਂ ਕਿਸੇ ਬਾਰੇ ਨਿਰਣਾ ਕਰ ਸਕਦਾਂ ਹਾਂ? ਫਿਰ ਮੈਂ ਸਮਲਿੰਗੀ ਸੰਬੰਧਾਂ ਨੂੰ ਟਰਾਈ ਕੀਤਾ।’ ਅੱਗੇ ਉਸ ਸ਼ਖਸ ਨੇ ਲਿਖਿਆ ਕਿ ਮੇਰੇ ਕੋਲ ਇਕ ਬੁਆਏਫਰੈਂਡ ਹੈ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਆਪਣੇ ਪਰਿਵਾਰ ਨੂੰ ਇਸ ਬਾਰੇ ਕਿਵੇਂ ਦੱਸਾਂ। ਮੇਰੀ ਜ਼ਿੰਦਗੀ ਬਹੁਤ ਬੁਰੀ ਤਰ੍ਹਾਂ ਬਦਲੀ ਹੈ ਅਤੇ ਸ਼ਾਇਦ ਹੁਣ ਕਦੇ ਨੋਰਮਲ ਨਹੀਂ ਹੋ ਸਕੇਗੀ। ਐਪਲ ਨੇ ਗਲਤ ਤਰੀਕੇ ਨਾਲ ਮੇਰੀ ਜ਼ਿੰਦਗੀ ਬਦਲ ਦਿੱਤੀ ਜਿਸ ਨਾਲ ਮੈਨੂੰ ਮਾਨਸਿਕ ਰੂਪ ਨਾਲ ਕਾਫੀ ਨੁਕਸਾਨ ਹੋਇਆ ਹੈ। 

ਹਾਲਾਂਕਿ, ਰੂਸ ’ਚ ਮੌਜੂਦ ਐਪਲ ਦੇ ਪ੍ਰਤੀਨਿਧੀ ਨੇ ਇਸ ਮਾਮਲੇ ’ਚ ਏ.ਐੱਫ.ਪੀ. ਦੀ ਰਿਕਵੈਸਟ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸ਼ਖਸ ਦੇ ਵਕੀਲ ਨੇ ਕਿਹਾ ਕਿ ਆਪਣੇ ਸਾਰੇ ਪ੍ਰੋਗਰਾਮਾਂ ਲਈ ਕੰਪਨੀ ਜ਼ਿੰਮੇਵਾਰ ਹੁੰਦੀ ਹੈ, ਭਲੇ ਹੀ ਉਸ ਵਿਚ ਤੀਜੀ ਪਾਰਟੀ ਸ਼ਾਮਲ ਹੋਵੇ। ਸੂਚਨਾ ਮੁਤਾਬਕ, ਮੁਕੱਦਮਾ 20 ਸਤੰਬਰ ਨੂੰ ਕੀਤਾ ਗਿਆ ਸੀ ਅਤੇ ਅਦਾਲਤ 17 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। 

ਮਾਸਕੋ ਨੇ ਸਾਲ 2013 ’ਚ ‘ਗੇ ਪ੍ਰੋਪੇਗੈਂਡਾ’ ਖਿਲਾਫ ਇਕ ਨਿਯਮ ਬਣਾਇਆ ਸੀ ਜੋ ਕਿ ਅਧਿਕਾਰਤ ਰੂਪ ਨਾਲ ਤਾਂ ਬੱਚਿਆੰ ਜਾਂ ਨਾਬਾਲਗਾਂ ’ਚ ਗੈਰ-ਪਾਰੰਪਰਿਕ ਲਾਈਫਸਟਾਈਲ ਦੇ ਪ੍ਰਮੋਸ਼ਨ ’ਤੇ ਰੋਕ ਲਗਾਉਂਦਾ ਹੈ ਪਰ ਅਸਲ ’ਚ ਇਹ ਐਲਜੀਬੀਟੀ ਐਕਟੀਵਿਟੀ ਦੇ ਖਿਲਾਫ ਹੈ। 


Related News