ਰਾਸ਼ਟਰਪਤੀ ਪੁਤਿਨ ਨੇ ਦਿੱਤੀ ਈਦ-ਅਲ-ਜੁਹਾ ਦੀ ਵਧਾਈ
Friday, Jul 31, 2020 - 05:17 PM (IST)
ਮਾਸਕੋ (ਭਾਸ਼ਾ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਮੁਸਲਿਮ ਭਾਈਚਾਰੇ ਨੂੰ ਈਦ-ਅਲ-ਜੁਹਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਦਫਤਰ ਕ੍ਰੇਮਲਿਨ ਦੇ ਪ੍ਰੈੱਸ ਵਿਭਾਗ ਨੇ ਇਕ ਸੰਦੇਸ਼ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਪੁਤਿਨ ਨੇ ਲੋਕਾਂ ਦੇ ਲਈ ਖੁਸ਼ਹਾਲ ਅਤੇ ਸ਼ਾਂਤੀਪੂਰਨ ਈਦ ਦੀ ਕਾਮਨਾ ਕੀਤੀ।
ਆਪਣੇ ਸੰਦੇਸ਼ ਵਿਚ ਪੁਤਿਨ ਨੇ ਕਿਹਾ,''ਹਰੇਕ ਮੁਸਲਮਾਨ ਦੇ ਲਈ ਈਦ-ਉਲ-ਜੁਹਾ ਦਾ ਇਹ ਮਹੱਤਵਪੂਰਨ ਤਿਉਹਾਰ ਧਾਰਮਿਕਤਾ, ਨਿਆਂ, ਦਇਆ ਅਤੇ ਇਕ ਗੁਆਂਢੀ ਦੇ ਪ੍ਰਤੀ ਪਿਆੜ ਦੇ ਰੂਹਾਨੀ ਵਿਚਾਰਾਂ ਦੇ ਪ੍ਰਤੀ ਵਫਾਦਾਰੀ ਦਾ ਪ੍ਰਤੀਕ ਹੈ ਜੋ ਪਵਿੱਤਰ ਕੁਰਾਨ ਦੇ ਮੁੱਢਲੇ ਵਿਚਾਰ ਹਨ। ਮੈਂ ਸਦੀਆਂ ਪੁਰਾਣੀਆਂ ਇਸਲਾਮਿਕ ਪਰੰਪਰਾਵਾਂ ਦਾ ਸਮਰਥਨ ਕਰਦਿਆਂ ਇਸ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਮੁਸਲਮਾਨ ਨਾਗਰਿਕਾਂ ਨੇ ਸਾਡੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਦੀ ਸੁਰੱਖਿਆ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਹ ਸੱਭਿਆਚਾਰਕ ਵਿਭਿੰਨਤਾ ਸਾਡੇ ਸਮਾਜ ਦੇ ਲੋਕਾਂ ਵਿਚ ਆਪਸੀ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ।''
ਪੜ੍ਹੋ ਇਹ ਅਹਿਮ ਖਬਰ- ਬਕਰੀਦ ਮੌਕੇ ਤਾਲਿਬਾਨ ਦੇ 500 ਅੱਤਵਾਦੀ ਕੀਤੇ ਜਾਣਗੇ ਰਿਹਾਅ : ਅਸ਼ਰਫ ਗਨੀ
ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਈਦ-ਅਲ-ਜੁਹਾ ਵੀਰਵਾਰ ਸ਼ਾਮ ਤੋਂ ਹੀ ਸ਼ੁਰੂ ਹੋ ਗਿਆ ਹੈ ਅਤੇ ਇਹ ਸੋਮਵਾਰ ਤੱਕ ਚੱਲੇਗਾ। ਇਸ ਵਾਰ ਇਹ ਤਿਉਹਾਰ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਦੀ ਹਜ ਯਾਤਰਾ ਦੇ ਨਾਲ ਮਨਾਇਆ ਜਾ ਰਿਹਾ ਹੈ। ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਇਸ ਵਾਰ ਸਿਰਫ ਇਕ ਹਜ਼ਾਰ ਸ਼ਰਧਾਲੂ ਹੀ ਹਜ ਦੀ ਯਾਤਰਾ ਕਰ ਪਾ ਰਹੇ ਹਨ।